ਸੰਜੀਵ ਬੱਬੀ
ਚਮਕੌਰ ਸਾਹਿਬ, 20 ਜੂਨ
ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਪਿੰਡ ਭੋਜੇਮਾਜਰਾ ਦੇ ਪੁਲ ਨੇੜੇ ਸਵਿਫਟ ਕਾਰ ਅਤੇ ਇਨੋਵਾ ਗੱਡੀ ਵਿਚਾਲੇ ਹੋਈ ਟੱਕਰ ਵਿਚ ਕਾਰ ਚਾਲਕ ਦੀ ਮੌਤ ਹੋ ਗਈ, ਜਦੋਂ ਕਿ 8 ਜਾਣੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਉਦੋਂ ਵਾਪਰਿਆਂ ਜਦੋਂ ਲੁਧਿਆਣਾ ਵਾਸੀ ਉਕਤ ਪਰਿਵਾਰ ਦੇ ਲੋਕ ਮਾਤਾ ਸ੍ਰੀ ਨੈਣਾ ਦੇਵੀ ਦੇ ਮੰਦਿਰ ਵਿਖੇ ਦਰਸ਼ਨ ਕਰਕੇ ਇਨੋਵਾ ਗੱਡੀ ਵਿਚ ਵਾਪਸ ਲੁਧਿਆਣਾ ਜਾ ਰਹੇ ਸਨ, ਕਿ ਪਿੰਡ ਭੋਜੇਮਾਜਰਾ ਦੇ ਪੁਲ ਕੋਲ ਚਮਕੌਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਹੀ ਸਵਿਫਟ ਕਾਰ ਨਾਲ ਟੱਕਰ ਹੋ ਗਈ ਜਿਸ ’ਤੇ ਸਵਿਫਟ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਇਨੋਵਾ ਗੱਡੀ ਦੀਆਂ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਹੋਣ ਕਾਰਨ ਇਨ੍ਹਾਂ ਸਾਰਿਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨ ਇੱਥੋਂ ਦੇ ਸਰਕਾਰੀ ਹਸਪਤਾਲ ਲੈ ਆਏ ਅਤੇ ਸਵਿਫਟ ਕਾਰ ਚਾਲਕ ਗੁਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਤੇ ਉਸ ਦੀ ਰਾਹ ਵਿੱਚ ਮੌਤ ਹੋ ਗਈ।
ਐਕਟਿਵਾ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ
ਜ਼ੀਰਕਪੁਰ (ਪੱਤਰ ਪ੍ਰੇਰਕ): ਢਕੋਲੀ ਖੇਤਰ ਵਿਚ ਸਥਿਤ ਗੁਰੂ ਨਾਨਕ ਐਨਕਲੇਵ ਕਲੋਨੀ ਨੇੜੇ ਐਕਟਿਵਾ ਸਕੂਟਰ ਦਾ ਸੰਤੁਲਨ ਵਿਗੜਨ ਕਾਰਨ ਪਿੱਛੇ ਬੈਠੇ 11 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਆਯਾਨ ਪੁੱਤਰ ਚੰਦਰ ਮੋਹਨ ਭੱਟ ਵਾਸੀ ਗੁਰੂ ਨਾਨਕ ਐਨਕਲੇਵ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ। ਐਕਟਿਵਾ ਉਸ ਦੇ ਪਿਤਾ ਮੋਹਨ ਭੱਟ ਚਲਾ ਰਿਹਾ ਸੀ। ਇਸ ਦੌਰਾਨ ਜਦ ਉਹ ਖੜ੍ਹੇ ਸਨ ਤਾਂ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਡਿੱਗ ਗਿਆ। ਹਾਦਸੇ ਵਿੱਚ ਆਯਾਨ ਦਾ ਸਿਰ ਧਰਤੀ ’ਤੇ ਵੱਜਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।