ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੂਨ
ਸਥਾਨਕ ਤਿਲਕ ਨਗਰ ਦੇ ਇੱਕ ਘਰ ’ਚ ਛਾਪਾ ਮਾਰ ਕੇ ਅੱਜ ਬੱਚੀ ਨੂੰ ਇਕ ਮਹਿਲਾ ਦੇ ਕਬਜ਼ੇ ’ਚੋਂ ਛੁਡਵਾਇਆ ਗਿਆ। ਏਡੀਸੀ (ਜ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਔਰਤ ਇੱਕ ਮਹੀਨੇ ਦੀ ਬੱਚੀ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਅਧਿਕਾਰੀਆਂ ਦੀ ਟੀਮ ’ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਨੀਤ ਕੌਰ ਤੇ ਅਮਨੀਤ ਕੌਰ, ਭਾਰਗੋਂ ਕੈਂਪ ਥਾਣੇ ਦੇ ਐੱਸਐੱਚਓ ਗਗਨਦੀਪ ਸੇਖੋਂ ਤੇ ਮਨੁੱਖੀ ਤਸਕਰੀ ਰੋਕੂ ਯੂਨਿਟ ਇੰਚਾਰਜ ਅਵਤਾਰ ਸਿੰਘ ਸ਼ਾਮਲ ਸਨ। ਟੀਮ ਨੇ ਮਹਿਲਾ ਕਾਂਸਟੇਬਲ ਦੇ ਨਾਲ ਘਰ ’ਚ ਛਾਪਾ ਮਾਰਿਆ ਅਤੇ ਔਰਤ ਕੋਲੋਂ ਇਕ ਮਹੀਨੇ ਦੀ ਬੱਚੀ ਨੂੰ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਬੱਚੀ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਨ ਮਗਰੋਂ ਯੂਨੀਕ ਹੋਮ ਭੇਜ ਦਿੱਤਾ ਗਿਆ ਹੈ।