ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੁਲਾਈ
ਇਥੋਂ ਨੇੜਲੇ ਪਿੰਡ ਬਣਾਂਵਾਲਾ ਵਿਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬੰਦ ਪਏ ਤਿੰਨੇ ਯੂਨਿਟਾਂ ਵਿਚੋਂ ਇੱਕ ਯੂਨਿਟ ਨੇ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਪ ਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਚਾਲੂ ਹੋਏ ਇੱਕ ਯੂਨਿਟ ਵਲੋਂ 603 ਮੈਗਾਵਾਟ ਬਿਜਲੀ ਉਤਪਾਦਨ ਉਤਰੀ ਗਰਿੱਡ ਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਕਿ ਤਾਪ ਘਰ ਦਾ ਬੰਦ ਪਿਆ ਇਕ ਹੋਰ ਯੂਨਿਟ ਸ਼ਾਮ ਤੱਕ ਚੱਲਣ ਦੀ ਉਮੀਦ ਹੈ, ਜਿਸ ਤੋਂ 600 ਤੋਂ ਵੱਧ ਮੈਗਾਵਾਟ ਬਿਜਲੀ ਪੈਦਾ ਹੋਣ ਦੀ ਉਮੀਦ ਬੱਝ ਜਾਵੇਗੀ। ਤਾਪ ਘਰ ਦੇ ਦੋਨੋਂ ਯੂਨਿਟਾਂ ਦੇ ਚਾਲੂ ਹੋਣ ਨਾਲ ਪੰਜਾਬ ਵਿੱਚੋਂ ਬਿਜਲੀ ਸੰਕਟ ਦੂਰ ਹੋ ਜਾਵੇਗਾ। ਤਾਪ ਘਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤੀਸਰਾ ਯੂਨਿਟ ਵੀ ਇਸੇ ਮਹੀਨੇ ਦੇ ਅੰਤ ਤਕ ਚਾਲੂ ਹੋ ਜਾਵੇਗਾ, ਜਿਸ ਲਈ ਵਿਦੇਸ਼ ਵਿਚੋਂ ਪੁਰਜ਼ੇ ਪੁੱਜ ਗਏ ਹਨ।