ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 20 ਅਕਤੂਬਰ
ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਕੁੰਭ ਰੋਡ ’ਤੇ ਸਥਿਤ ਫਰਨਿਸ਼ ਮੋਦੀ ਕਨਕਾਸਟ ਦੀ ਭੱਠੀ ਵਿਚ ਹੋਏ ਧਮਾਕੇ ਕਾਰਨ ਗਰਮ ਲੋਹਾ ਪੈਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸਬੰਧੀ ਪੁਲੀਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਮੋਦੀ ਕਨਕਾਸਟ ਪ੍ਰਾਈਵੇਟ ਲਿਮਿਟਡ ਦੀ ਭੱਠੀ ਵਿਚ ਆਏ ਉਬਾਲੇ ਕਾਰਨ ਇਹ ਧਮਾਕਾ ਹੋਇਆ ਹੈ। ਇਸ ਨਾਲ ਭੱਠੀ ’ਤੇ ਕੰਮ ਕਰੇ ਰਹੇ ਵਿਅਕਤੀਆਂ ਉੱਪਰ ਪਿਘਲਿਆ ਹੋਇਆ ਗਰਮ ਲੋਹਾ ਪੈ ਗਿਆ ਤੇ ਭੱਠੀ ’ਤੇ ਬਤੌਰ ਹੈਲਪਰ ਕੰਮ ਕਰ ਰਹੇ ਅਮਨਜੋਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕੁੰਭੜਾ ਦੀ ਮੌਤ ਹੋ ਗਈ। ਇਸ ਦੌਰਾਨ ਦੋ ਮਜ਼ਦੂਰ ਸ਼ੈਲਾ ਰਾਮ ਅਤੇ ਪ੍ਰਭੂ ਨਾਥ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਮੌਕੇ ’ਤੇ ਮੌਜੂਦ ਵਰਕਰਾਂ ਅਤੇ ਸਟਾਫ਼ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਅਮਨਜੋਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਜਦੋਂਕਿ ਬਾਕੀ ਦੋ ਮਜ਼ਦੂਰ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ’ਤੇ ਮੋਦੀ ਕਨਕਾਸਟ ਪ੍ਰਾਈਵੇਟ ਲਿਮਿਟਡ ਮੰਡੀ ਗੋਬਿੰਦਗੜ੍ਹ ਦੇ ਮਾਲਕ ਦੀਪਕ ਮੋਦੀ ਅਤੇ ਅਨਿਲ ਮੋਦੀ ਦੇ ਖਿਲਾਫ਼ ਲਾਪ੍ਰਵਾਹੀ ਅਤੇ ਅਣਗਹਿਲੀ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।