ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਈ
ਭਾਖੜਾ ਡੈਮ ਦੇ ਜਲ ਭੰਡਾਰਾਂ ਵਿੱਚ ਕੁੱਲ ਸਮਰੱਥਾ ਦਾ ਸਿਰਫ਼ 8 ਫ਼ੀਸਦੀ ਪਾਣੀ ਉਪਲੱਬਧ ਹੈ। ਸ਼ੁੱਕਰਵਾਰ ਸਵੇਰੇ ਭਾਖੜਾ ਡੈਮ, ਜੋ ਕਿ ਸਤਲੁਜ ਦਰਿਆ ’ਤੇ ਪੈਂਦਾ ਹੈ, ਦੇ ਜਲ ਭੰਡਾਰਾਂ ’ਚ 1,505 ਫੁੱਟ ਪਾਣੀ ਦਰਜ ਕੀਤਾ ਗਿਆ ਜਦਕਿ ਪਿਛਲੇ ਵਰ੍ਹੇ ਇਸ ਤਾਰੀਕ ਨੂੰ ਡੈਮ ’ਚ ਪਾਣੀ ਦਾ ਪੱਧਰ 1,561 ਫੁੱਟ ਸੀ। ਸੂਤਰਾਂ ਮੁਤਾਬਕ ਪਿਛਲੇ 16 ਸਾਲਾਂ ’ਚ ਪਾਣੀ ਦਾ ਇੰਨਾ ਪੱਧਰ ਸਿਰਫ ਦੋ ਵਾਰ 2009 ਅਤੇ 2018 ਵਿੱਚ ਹੀ ਘਟਿਆ ਹੈ।
ਕੇਂਦਰੀ ਪਾਣੀ ਕਮਿਸ਼ਨ (ਸੀਡਬਲਿਊਸੀ) ਵੱਲੋਂ 27 ਮਈ ਨੂੰ ਜਾਰੀ ਅੰਕੜਿਆਂ ਮੁਤਾਬਕ ਭਾਖੜਾ ਦੇ ਜਲ ਭੰਡਾਰਾਂ ’ਚ ਮੌਜੂਦਾ ਸਮੇਂ 0.524 ਬਿਲੀਅਨ ਕਿਊਬਿਕ ਮੀਟਰ (ਬੀਸੀਐੱਮ) ਪਾਣੀ ਜਮ੍ਹਾਂ ਹੈ, ਜੋ ਕਿ ਇਸ ਦੀ ਕੁੱਲ ਸਮਰੱਥਾ ਦਾ 6.229 ਬੀਸੀਐੱਮ ਦਾ 8 ਫ਼ੀਸਦੀ ਬਣਦਾ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸੇ ਸਮੇਂ ਭੰਡਾਰਾਂ ਵਿੱਚ 22 ਫ਼ੀਸਦੀ ਪਾਣੀ ਜਮ੍ਹਾਂ ਸੀ। ਸੀਡਬਲਿਊਸੀ ਦੇ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਪੌਂਗ ਡੈਮ ’ਚ 14 ਫ਼ੀਸਦੀ ਅਤੇ ਥੀਨ ਡੈਮ ’ਚ 34 ਫ਼ੀਸਦੀ ਪਾਣੀ ਹੈ। ਬਿਆਸ ਦਰਿਆ ’ਤੇ ਪੈਂਦੇ ਪੌਂਗ ਡੈਮ ’ਚ 1,298.57 ਫੁੱਟ ਪਾਣੀ ਰਿਕਾਰਡ ਕੀਤਾ ਗਿਆ ਜੋ ਕਿ ਪਿਛਲੇ ਸਾਲ ਇਸੇ ਤਾਰੀਕ ਨੂੰ 1,345.58 ਫੁੱਟ ਸੀ। ਰਾਵੀ ’ਤੇ ਪੈਂਦੇ ਥੀਨ ਡੈਮ ’ਚ ਪਾਣੀ 1,652 ਫੁੱਟ ਰਿਕਾਰਡ ਹੋਇਆ, ਜੋ ਕਿ ਪਿਛਲੇ ਸਾਲ 1,679 ਫੁੁੱਟ ਸੀ। ਸੂਤਰਾਂ ਨੇ ਦੱਸਿਆ ਕਿ ਬਿਆਸ ਭਾਖੜਾ ਮੈਨਜਮੈਂਟ ਬੋਰਡ (ਬੀਬੀਐੱਮਬੀ) ਵੱਲੋਂ ਇਸ ਵਿੱਤੀ ਸਾਲ ’ਚ ਮਿਥੇ 1,337 ਮਿਲੀਅਨ ਯੂਨਿਟ ਦੇ ਟੀਚੇ ’ਚੋਂ ਅੱਜ ਤਰੀਕ ਤੱਕ 1,080 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਜਾ ਚੁੱਕੀ ਹੈ। ਜੋ ਕਿ ਟੀਚੇ ਦੇ ਮੁਕਾਬਲੇ 20 ਫ਼ੀਸਦੀ ਘੱਟ ਹੈ। ਬੀਬੀਐੱਮਬੀ ਵੱਲੋਂ ਪਿਛਲੇ ਸਾਲ ਇਸ ਸਮੇਂ ਦੌਰਾਨ 1,909 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ।