ਪੱਤਰ ਪ੍ਰੇਰਕ
ਚੰਡੀਗੜ੍ਹ, 4 ਦਸੰਬਰ
ਕਾਂਗਰਸ ਦੀ ਚੰਨੀ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਐਲਾਨ ਮਗਰੋਂ ਅੱਜ 23 ਦਿਨ ਬੀਤ ਗਏ ਹਨ, ਪਰ ਇੱਕ ਵੀ ਕੱਚਾ ਮੁਲਾਜ਼ਮ ਹਾਲੇ ਤੱਕ ਰੈਗੂਲਰ ਨਹੀਂ ਹੋਇਆ। ਇਸ ਦੇ ਰੋਸ ਵਜੋਂ ਅੱਜ ਸਰਬ ਸਿੱਖਿਆ ਅਭਿਆਨ/ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀਆਂ ਨੇ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਸੂਬਾ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕਰਦਿਆਂ ਉਕਤ ਕੱਚੇ ਮੁਲਾਜ਼ਮਾਂ ਨੇ ਅੱਜ ਐੱਮਐੱਲਏ ਹੋਸਟਲ ਤੋਂ ਕਾਂਗਰਸੀ ਵਿਧਾਇਕਾਂ ਲਈ ‘ਪੱਕੇ ਕੀਤੇ ਗਏ 36 ਹਜ਼ਾਰ ਮੁਲਾਜ਼ਮ ਲਭਾਓ ਇਨਾਮ ਪਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਰਬ ਸਿੱਖਿਆ ਅਭਿਆਨ/ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਇਹ ਮੁਹਿੰਮ ਵਿੱਢੀ ਗਈ ਹੈ। ਆਗੂਆਂ ਨੇ ਕਿਹਾ ਕਿ ਜੇ ਹੁਣ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ 7 ਦਸੰਬਰ ਨੂੰ ਮੁੱਖ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।