ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਜਨਵਰੀ
ਦਿੱਲੀ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤੇਂਦਰ ਜੈਨ ਨੇ ਅੱਜ ਇੱਥੇ ਕਿਹਾ ਕਿ ਵਿਰੋਧੀਆਂ ਕੋਲ ਕੋਈ ਹੋਰ ਮੁੱਦਾ ਨਾ ਹੋਣ ਕਰਕੇ ਉਹ ‘ਦੱਬੇ ਮੁਰਦੇ ਪੁੱਟ’ ਕੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਇਹ ਮਾਮਲਾ ਏਜੰਡੇ ਵਿੱਚ ਸ਼ਾਮਲ ਕਰਨ ਸਬੰਧੀ ਗ੍ਰਹਿ ਵਿਭਾਗ ਨੂੰ ਸਮੀਖਿਆ ਬੋਰਡ ਦੀ ਅਗਲੀ ਮੀਟਿੰਗ ਰੱਖਣ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਲਾਉਣ ਦੀ ਜਗ੍ਹਾ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੀ ਤਸਵੀਰ ਲਗਾਈ ਜਾਇਆ ਕਰੇਗੀ। ਇਸ ਮੌਕੇ ਉਨ੍ਹਾਂ ਪਾਰਟੀ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਦੇ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ। ਮੁੱਖ ਦਫ਼ਤਰ ਸਥਾਨਕ ਕੱਚਾ ਮਲਕ ਰੋਡ ’ਤੇ ਬਣਾਇਆ ਗਿਆ ਹੈ ਜਦਕਿ ਦੂਜਾ ਚੋਣ ਦਫ਼ਤਰ ਸ਼ਾਸਤਰੀ ਨਗਰ ਦੇ ਪਿਛਲੇ ਪਾਸੇ ਡਿਸਪੋਜ਼ਲ ਰੋਡ ’ਤੇ ਖੋਲ੍ਹਿਆ ਗਿਆ ਹੈ। ਦਿੱਲੀ ਦੇ ਸਿਹਤ ਮੰਤਰੀ ਨੇ ਬੀਬੀ ਮਾਣੂੰਕੇ ਵੱਲੋਂ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਜਿੱਤਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾ ਰਹੇ ਹਨ ਅਤੇ ਲੋਕਾਂ ਵਿੱਚ ‘ਆਪ’ ਪ੍ਰਤੀ ਜੋਸ਼ ਦੇਖ ਕੇ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਪੰਜਾਬ ਵਿੱਚ ਬਦਲਾਅ ਦੀ ਹਵਾ ਵਗ਼ ਰਹੀ ਹੈ। ਇਸ ਤੋਂ ਇਲਾਵਾ ਹੁਣ ਤੱਕ ਦੇ ਸਾਰੇ ਚੋਣ ਸਰਵੇਖਣ ਵੀ ‘ਆਪ’ ਨੂੰ ਜੇਤੂ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬੀਆਂ ਨਾਲ ਵਾਅਦੇ ਨਹੀਂ ਕਰ ਰਹੇ ਸਗੋਂ ਗਾਰੰਟੀਆਂ ਦੇ ਰਹੇ ਹਨ, ਜੋ ਹਰ ਹਾਲ ਪੂਰੀਆਂ ਹੋਣਗੀਆਂ। ਪੰਜਾਬ ’ਚ ਇਕ ਵਾਰ ਲੋਕਾਂ ਵੱਲੋਂ ਮੌਕਾ ਦੇਣ ’ਤੇ ਲੋਕਾਂ ਦੀ ਸੋਚ ਵਾਲੀ ਅਜਿਹੀ ਸਰਕਾਰ ਦਿੱਤੀ ਜਾਵੇਗੀ, ਜੋ ਪੰਜਾਬ ਨੂੰ ਤਰੱਕੀ ਦੇ ਰਾਹ ਲੈ ਕੇ ਜਾਵੇਗੀ। ਇਸ ਮੌਕੇ ਉਨ੍ਹਾਂ ਸੰਯੁਕਤ ਸਮਾਜ ਮੋਰਚੇ ਦੇ ਕੁਝ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ।