ਕੇ.ਪੀ ਸਿੰਘ
ਗੁਰਦਾਸਪੁਰ, 27 ਅਗਸਤ
ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਮੀਦਵਾਰੀਆਂ ਤੇ ਅੱਖ ਟਿਕਾਈ ਬੈਠੇ ਅਕਾਲੀ ਨੇਤਾਵਾਂ ਨੇ ਵੱਖਰਾ ਧੜਾ ਬਣਾਉਂਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਖ਼ਿਲਾਫ਼ ਮੋਰਚਾ ਖੋਲ੍ਹ ਕੇ ਬੱਬੇਹਾਲੀ ਦੇ ਗੜ੍ਹ ਵਿੱਚ ਰੈਲੀ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਜ਼ਿਲ੍ਹੇ ਦੇ ਕੁਝ ਹਲਕਿਆਂ ਵਿੱਚ ਬੱਬੇਹਾਲੀ ਵੱਲੋਂ ਉਮੀਦਵਾਰ ਦੇ ਤੌਰ ’ਤੇ ਉਭਾਰੇ ਜਾਣ ਵਾਲੇ ਨੇਤਾਵਾਂ ਦਾ ਵਿਰੋਧ ਕਰਦਿਆਂ ਬੱਬੇਹਾਲੀ ਨੂੰ ਨਿਸ਼ਾਨੇ ’ਤੇ ਲਿਆ। ਸ਼ਹਿਰ ਦੇ ਹਨੂਮਾਨ ਚੌਕ ’ਚ ਕੀਤੀ ਇਸ ਰੈਲੀ ਦੌਰਾਨ ਇਸ ਧੜੇ ਵੱਲੋਂ ਦੋਸ਼ ਲਾਇਆ ਗਿਆ ਕਿ ਬੀਤੇ ਸਾਢੇ ਚਾਰ ਸਾਲ ਦੌਰਾਨ ਬੱਬੇਹਾਲੀ ਨੇ ਆਪਣੇ ਹਲਕੇ ’ਚ ਇੱਕ ਵੀ ਮੀਟਿੰਗ ਨਹੀਂ ਕੀਤੀ ਜਿਸ ਕਾਰਨ ਵਰਕਰਾਂ ਦਾ ਮਨੋਬਲ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਇਸ ਰੈਲੀ ਰਾਹੀਂ ਸਾਬਕਾ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ ਕਰਨ ਲਈ ਅਕਾਲ ਤਖ਼ਤ ਸਾਹਿਬ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਰੈਲੀ ’ਚ ਮੁੱਖ ਤੌਰ ’ਤੇ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸੋਨੂੰ ਲੰਗਾਹ ਦੇ ਧੜੇ ਦੇ ਨਾਲ ਕੰਵਲਪ੍ਰੀਤ ਸਿੰਘ ਕਾਕੀ, ਪਰਮਜੀਤ ਸਿੰਘ ਲਾਡੀ, ਸ਼ਰਨਜੀਤ ਕੌਰ ਜੀਂਦੜ, ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜ਼ਫਰਵਾਲ ਆਦਿ ਉਨ੍ਹਾਂ ਦੇ ਨਾਲ ਸਨ। ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ’ਤੇ ਅਕਾਲੀ ਵਰਕਰਾਂ ਨੂੰ ਵੰਡਣ ਦਾ ਦੋਸ਼ ਲਗਾਉਂਦੇ ਹੋਏ ਸੋਨੂੰ ਲੰਗਾਹ ਨੇ ਕਿਹਾ ਕਿ ਉਹ ਪਾਰਟੀ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਣ ਦੇਣਗੇ ਇਸ ਲਈ ਉਨ੍ਹਾਂ ਨੇ ਪਾਰਟੀ ਵਰਕਰਾਂ ਦੀ ਮੰਗ ਅਨੁਸਾਰ ਮੀਟਿੰਗਾਂ ਤੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਪ੍ਰਦਰਸ਼ਨ ਦੌਰਾਨ ਇਸ ਧੜੇ ਦਾ ਵੱਧ ਤੋਂ ਵੱਧ ਜ਼ੋਰ ਸੁੱਚਾ ਸਿੰਘ ਲੰਗਾਹ ਦੀ ਮੁਆਫ਼ੀ ਦਿੱਤੇ ਜਾਣ ਤੇ ਜ਼ਿਆਦਾ ਕੇਂਦਰਿਤ ਰਿਹਾ। ਇਸ ਦੌਰਾਨ ਚਾਰ ਮਤੇ ਵੀ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਜਦੋਂਕਿ ਦੂਸਰੇ ਮਤੇ ’ਚ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਪੰਥ ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਫਿਰ ਤੋਂ ਪੰਥ ਵਿੱਚ ਸ਼ਾਮਲ ਕੀਤਾ ਜਾਵੇ। ਅਗਲੇ ਮਤੇ ’ਚ ਸੁਖਬੀਰ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਕਰਨ ਦੀ ਗੱਲ ਕੀਤੀ ਗਈ।
ਕਾਂਗਰਸੀਆਂ ਨੇ ਇਕੱਠੇ ਕੀਤੇ ਰੈਲੀ ਵਿੱਚ ਲੋਕ: ਬੱਬੇਹਾਲੀ
ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਉਨ੍ਹਾਂ ਵਰਕਰਾਂ ਦਾ ਧੰਨਵਾਦ ਕੀਤਾ ਜੋ ਇਸ ਰੈਲੀ ਵਿੱਚ ਨਹੀਂ ਗਏ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਇਕੱਠੇ ਹੋਏ ਜ਼ਿਆਦਾਤਰ ਲੋਕਾਂ ਨੂੰ ਕਾਂਗਰਸੀ ਲੋਕਾਂ ਨੇ ਇਕੱਠਾ ਕੀਤਾ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਟਿਕਟ ਦੇਣੀ ਹੈ ਤੇ ਨਾ ਹੀ ਮੁਆਫ਼ੀ। ਟਿਕਟ ਸੁਖਬੀਰ ਬਾਦਲ ਦੇਣਗੇ ਤੇ ਮੁਆਫ਼ੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮਿਲੇਗੀ। ਅਜਿਹਾ ਦਬਾਅ ਪਾ ਕੇ ਨਾ ਤਾਂ ਮੁਆਫ਼ੀ ਤੇ ਨਾ ਹੀ ਟਿਕਟ ਪ੍ਰਾਪਤ ਕੀਤੀ ਜਾ ਸਕਦੀ ਹੈ।