ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਜੁਲਾਈ
ਮਾਲਵੇ ਦੇ ਵੱਖ-ਵੱਖ ਹਿੱਸਿਆਂ ਤੋਂ ਚੰਡੀਗੜ੍ਹ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਇਥੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕੌਮੀ ਸ਼ਾਹਰਾਹ-95 ’ਤੇ ਸਥਿਤ ਚੌਕੀਮਾਨ ਟੌਲ ਪਲਾਜ਼ੇ ਤੋਂ ਲੰਘਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਘੇਰ ਕੇ ਕਾਲੀਆਂ ਝੰਡੀਆਂ ਦਿਖਾਈਆਂ। ਇਸ ਟੌਲ ਪਲਾਜ਼ੇ ’ਤੇ ਕਰੀਬ 10 ਮਹੀਨੇ ਤੋਂ ਲਗਾਤਾਰ ਚੱਲ ਰਹੇ ਧਰਨੇ ਦੌਰਾਨ ਸਵੇਰ ਤੋਂ ਹੀ ਮਾਲਵੇ ਦੇ ਵੱਖ-ਵੱਖ ਹਿੱਸਿਆਂ ’ਚੋਂ ਚੰਡੀਗੜ੍ਹ ਜਾਣ ਲਈ ਆ ਰਹੀਆਂ ਇਨ੍ਹਾਂ ਕਾਰਾਂ ਅਤੇ ਬੱਸਾਂ ਨੂੰ ਟੌਲ ਪਲਾਜ਼ੇ ’ਤੇ ਰੋਕ ਕੇ ਨਾ ਸਿਰਫ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਸਗੋਂ ਨਾਅਰੇਬਾਜ਼ੀ ਵੀ ਕੀਤੀ ਗਈ। ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਕਾਫ਼ਲੇ ਵਾਲੀ ਇੱਕ ਗੱਡੀ ਦੇ ਚਾਲਕ ਤੇ ਸਵਾਰਾਂ ਨਾਲ ਕੁਝ ਤਲਖੀ ਹੋਣ ’ਤੇ ਇਕ ਨੌਜਵਾਨ ਨੇ ਗੱਡੀ ਮੂਹਰੇ ਸ਼ੀਸ਼ੇ ’ਤੇ ਲੱਗਿਆ ਵਿਧਾਇਕ ਦੀ ਫੋਟੋ ਵਾਲਾ ਸਟਿੱਕਰ ਫਾੜਨ ਦੀ ਕੋਸ਼ਿਸ਼ ਵੀ ਕੀਤੀ। ਕਾਂਗਰਸੀ ਦੇ ਵਿਰੋਧ ਸਮੇਂ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਨਾਅਰੇਬਾਜ਼ੀ ਨਾਲ ਹਾਜ਼ਰੀ ਲਵਾਈ। ਇਸ ਸਮੇਂ ‘ਅਕਾਲੀ-ਕਾਂਗਰਸੀ ਮੁਰਦਾਬਾਦ’ ਅਤੇ ‘ਕਿਸਾਨ ਘੋਲ ਦੇ ਗੱਦਾਰ ਮੁਰਦਾਬਾਦ’ ਦੇ ਨਾਅਰੇ ਲੱਗੇ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੇ ਸਤਨਾਮ ਸਿੰਘ ਮੋਰਕਰੀਮਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜਸਦੇਵ ਸਿੰਘ ਲਲਤੋਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ‘ਪੀਪਲਜ਼ ਵ੍ਹਿਪ’ ਜਾਰੀ ਕਰਕੇ ਸਮੁੱਚੀਆਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਸੰਸਦ ਅੰਦਰ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ। ਇਸ ਦੇ ਬਾਵਜੂਦ ਸੰਸਦ ਮੈਂਬਰ ਸੰਜੀਦਾ ਨਹੀਂ ਅਤੇ ਕਾਂਗਰਸ ਦੇ ਕਈ ਸੰਸਦ ਮੈਂਬਰ ਤਾਂ ਪਾਰਲੀਮੈਂਟ ’ਚ ਇਹ ਫਰਜ਼ ਨਿਭਾਉਣ ਦੀ ਥਾਂ ਚੰਡੀਗੜ੍ਹ ਨਵਜੋਤ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ’ਚ ਸ਼ਿਕਰਤ ਨੂੰ ਵਧੇਰੇ ਅਹਿਮੀਅਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਜੇ ਗੰਭੀਰ ਨਾ ਹੋਏ ਤਾਂ ਭਾਜਪਾ ਵਾਂਗ ਇਨ੍ਹਾਂ ਦਾ ਵੀ ਵਿਰੋਧ ਹੋਵੇਗਾ।