ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਕਤੂਬਰ
ਇੱਥੇ ਕਸਬਾ ਮੂਧਲ ਵਿੱਚ ਸੀਪੀਆਈ (ਐੱਮ.ਐੱਲ.) ਲਬਿਰੇਸ਼ਨ ਦਾ ਦੋ ਰੋਜ਼ਾ ਇਜਲਾਸ ਅੱਜ ਸਮਾਪਤ ਹੋ ਗਿਆ। ਇਜਲਾਸ ਦੇ ਦੂਜੇ ਦਿਨ ਜਥੇਬੰਦੀ ਨੇ ਵਿਸ਼ੇਸ਼ ਮਤੇ ਰਾਹੀਂ ਦਰਿਆਈ ਪਾਣੀਆਂ ਦੀ ਗੈਰ-ਕਾਨੂੰਨੀ ਵੰਡ ਅਤੇ ਬਿਨਾਂ ਰਾਇਲਟੀ ਪਾਣੀ ਗੁਆਂਢੀ ਸੂਬਿਆਂ ਨੂੰ ਦੇਣ ਦਾ ਵਿਰੋਧ ਕੀਤਾ। ਇਸ ਦੌਰਾਨ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਸਿਆਸੀ ਕੈਦੀਆਂ ਸਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ। ਇਜਲਾਸ ਦੌਰਾਨ ਪੰਜਾਬ ਦੇ ਕਈ ਗੰਭੀਰ ਸਮਾਜਿਕ ਤੇ ਸਿਆਸੀ ਮੁੱਦਿਆਂ ਬਾਰੇ ਚਰਚਾ ਕਰਨ ਮਗਰੋਂ ਮਤੇ ਪਾਏ ਗਏ। ਇਸ ਦੌਰਾਨ ਕੇਂਦਰ ਵੱਲੋਂ ਸੂਬਿਆਂ ਦੇ ਅਧਿਕਾਰਾਂ ’ਤੇ ਹਮਲਾ, ਐੱਨਆਈਏ, ਸੀਬੀਆਈ ਅਤੇ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਅਤੇ ਘੱਟ ਗਿਣਤੀਆਂ ਉੱਤੇ ਹਮਲੇ ਆਦਿ ਵਿਸ਼ਿਆਂ ਉੱਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਮਤੇ ਪਾਸ ਕੀਤੇ ਗਏ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਬਿਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਬੇਰੁਜ਼ਗਾਰੀ ਭੱਤਾ ਲਾਗੂ ਕਰਨ, ਭ੍ਰਿਸ਼ਟਾਚਾਰ ਅਤੇ ਵੀਆਈਪੀ ਸਭਿਆਚਾਰ ਖ਼ਤਮ ਕਰਨ ਬਾਰੇ ਵੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਨਾਲ ਹੀ ਉਨ੍ਹਾਂ ਦੇ ਆਮਦਨ ਦੇ ਵਸੀਲਿਆਂ ਨੂੰ ਵਧਾਉਣ ਅਤੇ ਵਧ ਰਹੇ ਗੈਂਗਸਟਰ ਸੱਭਿਆਚਾਰ ਸਣੇ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦੀ ਮੰਗ ਕੀਤੀ ਗਈ।
ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਪਾਰਟੀ ਸਫਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਡੂੰਘੀ ਪਹੁੰਚ ਬਣਾ ਕੇ ਇਕ ਮਜ਼ਬੂਤ ਕਮਿਊਨਿਸਟ ਪਾਰਟੀ ਉਸਾਰਨ ਦਾ ਸੱਦਾ ਦਿੱਤਾ। ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਡੈਲੀਗੇਟਾਂ ’ਚ ਬਲਕਰਨ ਮੋਗਾ, ਵਿੰਦਰ ਔਲਖ, ਜਸਬੀਰ ਕੌਰ ਨੱਤ, ਗੁਰਜੰਟ ਮਾਨਸਾ, ਸਤਨਾਮ ਸਿੰਘ ਪੱਖੀ, ਹਰਭਗਵਾਨ ਭੀਖੀ ਅਤੇ ਬਲਵੀਰ ਸਿੰਘ ਮੂਧਲ ਆਦਿ ਸ਼ਾਮਲ ਸਨ। ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਅਤੇ ਕੰਵਲਜੀਤ ਸਿੰਘ ਚੰਡੀਗੜ੍ਹ ਨੇ ਰਾਜਨੀਤਕ ਰਿਪੋਰਟ ਬਾਰੇ ਨੁਕਤੇ ਡੈਲੀਗੇਟਾਂ ਨਾਲ ਸਾਂਝੇ ਕੀਤੇ। ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਡੈਲੀਗੇਟਾਂ ਵੱਲੋਂ ਕੀਤੀ ਬਹਿਸ ਨੂੰ ਸਮੇਟਦਿਆਂ ਸੂਬਾਈ ਸਿਆਸੀ ਤੇ ਜਥੇਬੰਦਕ ਰਿਪੋਰਟ ਬਾਰੇ ਡੈਲੀਗੇਟਾਂ ਤੋਂ ਸਹਿਮਤੀ ਹਾਸਲ ਕੀਤੀ। ਇਜਲਾਸ ਨੇ ਆਉਣ ਵਾਲੇ ਸਮੇਂ ਲਈ ਪਾਰਟੀ ਦੀ 27 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ। ਸੂਬਾ ਕਮੇਟੀ ਵੱਲੋਂ ਸਰਬਸੰਮਤੀ ਨਾਲ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੂੰ ਸੂਬਾ ਸਕੱਤਰ ਅਤੇ ਕਾਮਰੇਡ ਨਛੱਤਰ ਸਿੰਘ ਖੀਵਾ ਨੂੰ ਸੂਬਾ ਵਿੱਤ ਸਕੱਤਰ ਚੁਣਿਆ ਗਿਆ।
ਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਮੁਹਾਜ਼ ਕਾਇਮ ਕਰਨ ਦੇ ਯਤਨ ਜਾਰੀ: ਭੱਟਾਚਾਰੀਆ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਆਖਿਆ ਕਿ ਆਉਂਦੀਆਂ ਸੰਸਦੀ ਚੋਣਾਂ ਵਿੱਚ ਹਾਕਮ ਧਿਰ ਭਾਜਪਾ ਨੂੰ ਸਖ਼ਤ ਮੁਕਾਬਲਾ ਦੇਣ ਲਈ ਇਕ ਵੱਡਾ ਤੇ ਸਾਂਝਾ ਮੁਹਾਜ਼ ਕਾਇਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਬੋਲ ਰਹੇ ਸਨ। ਸ੍ਰੀ ਭੱਟਾਚਾਰੀਆ ਨੇ ਕਿਹਾ ਕਿ ਸਾਂਝਾ ਮੁਹਾਜ਼ ਕਾਇਮ ਕਰਨ ਦਾ ਯਤਨ ਜਾਰੀ ਹੈ। ਇਸ ਸਬੰਧੀ ਸੂਬਾ ਪੱਧਰ ’ਤੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਖੇਤਰੀ ਪਾਰਟੀਆਂ ਨੇ ਇਕੱਠੇ ਹੋ ਕੇ ਭਾਜਪਾ ਦਾ ਵਿਰੋਧ ਕੀਤਾ ਹੈ, ਉੱਥੇ ਭਾਜਪਾ ਨੂੰ ਕੋਈ ਥਾਂ ਨਹੀਂ ਮਿਲੀ। ਹੁਣ ਇਸ ਉਪਰਾਲੇ ਨੂੰ ਕੌਮੀ ਪੱਧਰ ’ਤੇ ਅਪਣਾਉਣ ਲਈ ਯਤਨ ਜਾਰੀ ਹਨ। ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਾਜਪਾ ਇੱਥੇ ਮੁੜ ਫਿਰਕੂ ਫਸਾਦ ਪੈਦਾ ਕਰ ਕੇ ਸੂਬੇ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਫਸਾਦ ਸਿੱਖ ਤੇ ਈਸਾਈ ਭਾਈਚਾਰੇ ਵਿਚਾਲੇ ਕਰਾਉਣ ਦੀ ਸਾਜ਼ਿਸ਼ ਹੈ।