ਰਾਕੇਸ਼ ਸੈਣੀ
ਨੰਗਲ, 3 ਨਵੰਬਰ
ਨੰਗਲ ਦੇ ਨਾਲ ਲਗਦੇ ਪਿੰਡ ਭਲਾਣ ਵਿੱਚ ਸਵਾਂ ਨਦੀ ਵਿੱਚ ਡੀਸਿਲਟਿੰਗ (ਗਾਰ ਕੱਢਣ) ਦੇ ਨਾਂ ’ਤੇ ਕਥਿਤ ਨਾਜਾਇਜ ਖਣਨ ਦਾ ਪਿੰਡ ਵਾਸੀਆਂ ਤੇ ਰਜਨੀਤਕ ਆਗੂਆਂ ਨੇ ਵਿਰੋਧ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਦੇ ਭਾਰੀ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਮਾਈਨਿੰਗ ਦੇ ਕੰਮ ਵਿਚ ਲੱਗੀਆਂ ਹੋਈਆਂ ਮਸ਼ੀਨਾਂ ਅਤੇ ਟਿੱਪਰ ਚਾਲਕ ਸਣੇ ਮਸ਼ੀਨਾਂ ਮੌਕੇ ਤੋਂ ਰਫੂਚੱਕਰ ਹੋ ਗਏ| ਪਿੰਡ ਦੇ ਸਰਪੰਚ ਅਮਨਦੀਪ ਸੰਜੂ ਨੇ ਦੋਸ਼ ਲਾਉਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਵਿਚੋਂ ਸਰਕਾਰ ਵੱਲੋਂ ਕਥਿਤ ਧੱਕੇਸ਼ਾਹੀ ਨਾਲ ਡੀਸਿਲਟਿੰਗ ਦੇ ਨਾਂ ’ਤੇ ਨਾਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਇਸ ਖੇਤਰ ਵਿਚ ਦਿਨ੍ਹ ਰਾਤ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਸਬੰਧਤ ਅਧਿਕਾਰੀ ਅੱਖਾਂ ਮੀਟੀ ਬੈਠੇ ਹਨ| ਖਣਨ ਮਾਫੀਆ ਨੇ ਇਸ ਖੇਤਰ ਵਿਚ 25 ਤੋਂ 50 ਫੁਟ ਡੂੰਘੇ ਟੋਏ ਪਾ ਦਿੱਤੇ ਹਨ ਜੋ ਕਿਸੇ ਅਧਿਕਾਰੀ ਨੂੰ ਨਜ਼ਰ ਨਹੀਂ ਆ ਰਹੇ| ਉਨ੍ਹਾਂ ਕਿਹਾ ਕਿ ਮਾਫੀਆ ਵੱਲੋਂ ਨਾਲ ਲਗਦੀ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਵੀ ਮਾਈਨਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਮੁਖੀ ਨੰਗਲ ਦਾਨਿਸ਼ਵੀਰ ਸਿੰਘ ਮੌਕੇ ’ਤੇ ਪਹੁੰਚੇ ਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ|