ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਪੰਜਾਬ ਭਰ ਵਿੱਚ 32 ਕਿਸਾਨ ਜਥੇਬੰਦੀਆਂ ਦੇ ਸੜਕਾਂ ਨੂੰ ਜਾਮ ਕਰਨ ਵਾਲਾ 2 ਘੰਟਿਆਂ ਦਾ ਅੰਦੋਲਨ ਸੁੱਖ ਸ਼ਾਂਤੀ ਨਾਲ ਸਮਾਪਤ ਹੋ ਗਿਆ। ਰਾਜ ਭਰ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰਨ ਦੀ ਜਾਣਕਾਰੀ ਇਕ ਉਚ ਪੁਲੀਸ ਅਧਿਕਾਰੀ ਨੇ ਦਿੱਤੀ। ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ। ਹਰਿਆਣਾ ਵਿੱਚ ਪੁਲੀਸ ਨੇ ਬਸਤਾੜਾ ਟੋਲ ਪਲਾਜ਼ਾ ਨੇੜੇ ਕਿਸਾਨਾਂ ਉਪਰ ਕੀਤੇ ਲਾਠੀਚਾਰਜ ਦੇ ਖ਼ਿਲਾਫ਼ ਵਿਚ ਪ਼ੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦੁਪਹਿਰ 12 ਤੋਂ ਬਾਅਦ ਦੁਪਹਿਰ 2 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਸੁੰਯਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਦੋ ਘੰਟਿਆਂ ਦੇ ਸੜਕੀ ਜਾਮ ਦੇ ਸੱਦੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰਾਜ ਭਰ ਵਿਚ ਦੁਪਹਿਰ 12 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਸੜਕਾਂ ਜਾਮ ਕਰ ਦਿੱਤੀਆਂ ਸਨ। ਇਸ ਜਾਮ ਕਾਰਨ ਪੰਜਾਬ ਭਰ ਵਿੱਚ ਥਾਂ-ਥਾਂ ਸੜਕਾਂ ਰੋਕੀਆਂ ਗਈਆਂ। ਕਈ ਥਾਵਾਂ ’ਤੇ ਜਾਮ ਕਾਰਨ ਸਰਕਾਰੀ ਨੌਕਰੀਆਂ ਲਈ ਪਰਚੇ ਦੇਣ ਜਾਣ ਵਾਲਿਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੱਖ-ਵੱਖ ਰੂਪਾ ਵਿਚ ਦੱਸਿਆ ਕਿ ਪੁਲੀਸ ਤਸ਼ੱਦਦ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ, ਜਿਸ ਦੇ ਰੋਸ ਵਜੋਂ ਇਹ ਜਾਮ ਲਾਇਆ ਗਿਆ।