ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਦਸੰਬਰ
ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇੱਥੇ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅੰਦੋਲਨਕਾਰੀਆਂ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਵੀ ਮੋਦੀ ਵਾਲੀ ਸੋਚ ਅਤੇ ਪਹੁੰਚ ਰੱਖਦੇ ਹਨ। ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਦਸੰਬਰ ਨੂੰ ਜਾਰੀ ਕੀਤੇ ਗਏ ਪੱਤਰ ਦੀਆਂ ਕਾਪੀਆਂ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫ਼ੁਰਮਾਨ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਲਾ ਹੈ।
ਉਨ੍ਹਾਂ ਕਿਹਾ ਕਿ ਸੰਗਰੂਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੈਲੇਸ, ਟੈਂਟ ਹਾਊਸ ਅਤੇ ਡੀਜੇ (ਸਾਊਂਡ) ਆਦਿ ਦੇ ਕਾਰੋਬਾਰੀਆਂ ਨਾਲ 2 ਦਸੰਬਰ ਨੂੰ ਮੀਟਿੰਗ ਕਰਕੇ ਹਦਾਇਤ ਕੀਤੀ ਹੈ ਕਿ ਜਲੂਸ, ਰੈਲੀਆਂ, ਧਰਨਿਆਂ ਆਦਿ ਦੇ ਪ੍ਰਬੰਧਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲਏ ਬਿਨਾਂ ਸਾਮਾਨ ਨਾ ਦਿੱਤਾ ਜਾਵੇ। ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਮੇਤ ਪੂਰੇ ਦੇਸ਼ ਦਾ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਸਰਕਾਰ ਅੰਦੋਲਨਕਾਰੀਆਂ ਨੂੰ ਲੋੜੀਂਦੀਆਂ ਟੈਂਟ ਜਾਂ ਸਪੀਕਰਾਂ ਵਰਗੀਆਂ ਚੀਜ਼ਾਂ ਤੋਂ ਵੀ ਵਾਂਝੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਪਿੱਠ ’ਚ ਛੁਰਾ ਮਾਰ ਕੇ ਕੈਪਟਨ ਨੇ ਖ਼ੁਦ ਤਾਂ ਈਡੀ ਤੋਂ ਖਹਿੜਾ ਛੁਡਾ ਲਿਆ, ਪਰ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਅਤੇ ਵਪਾਰੀਆਂ ਦੇ ਮਗਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਪਾ ਦਿੱਤੀਆਂ ਹਨ। ‘ਆਪ’ ਆਗੂ ਨੇ ਆਮਦਨ ਕਰ ਦੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੂਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ, ਕੀ ਹੁਣ ਮੋਦੀ ਸਰਕਾਰ ਸਾਰੇ ਦੇਸ਼ ਵਾਸੀਆਂ ’ਤੇ ਛਾਪੇ ਮਰਵਾਏਗੀ।