ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਫਰਵਰੀ
ਪਟਿਆਲਾ ਵਿਚ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ (ਸੰਯੁਕਤ) ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਅਤੇ ਸਿੱਖ ਸਫ਼ਾਂ ਦਰਮਿਆਨ ਮੋਹ ਤੇ ਸਾਂਝ ਵਧਣ ਨੇ ਵਿਰੋਧੀ ਰਾਜਸੀ ਧਿਰਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਅੱਜ ਦੀ ਇਸ ਰੈਲੀ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ (ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ-ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ ਭਾਜਪਾ ’ਚ ਸ਼ਾਮਲ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦੇ ਸੁਹਿਰਦ ਯਤਨਾ ਦਾ ਹੀ ਸਿੱਟਾ ਹੈ ਕਿ ਨਿੱਤ ਪ੍ਰਮੁੱਖ ਸਿੱਖ ਚਿਹਰੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਬਾਅਦ ’ਚ ਆਗੂਆਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਸੁਰਜੀਤ ਗੜ੍ਹੀ ਨੂੰ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਅਮਿਤ ਸ਼ਾਹ ਨੇ ਰਾਜਪੁਰਾ ਤੋਂ ਭਾਜਪਾ ਉਮੀਦਵਾਰ ਜਗਦੀਸ਼ ਜੱਗਾ ਦੀ ਜਿੱਤ ਯਕੀਨੀ ਹੋਣ ਦਾ ਦਾਅਵਾ ਕੀਤਾ। ਗ੍ਰਹਿ ਮੰਤਰੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਸ਼ਿੱਦਤ ਤੇ ਸ਼ਰਧਾ ਭਾਵਨਾ ਨਾਲ ਸਿੱਖਾਂ ਦੇ, ਤੇ ਖਾਸ ਕਰਕੇ ਪੰਥਕ ਮਸਲਿਆਂ ਦਾ ਹੱਲ ਕਰਨ ’ਚ ਲੱਗੀ ਹੋਈ ਹੈ। ਜਦਕਿ ਭਾਜਪਾ ਲਈ ਵਧ ਰਹੀ ਹਮਾਇਤ ਕਾਰਨ ਵਿਰੋਧੀ ਧਿਰਾਂ ਸਾਜ਼ਿਸ਼ ਕਰਨ ਵਿਚ ਲੱਗੀਆਂ ਹੋਈਆਂ ਹਨ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਉਣ ਦੇ ਰੂਪ ਵਿਚ ਕਈ ਕਦਮ ਚੁੱਕੇ ਹਨ। ਉਨ੍ਹਾਂ ਕਾਲੀ ਸੂਚੀ ਵਿਚੋਂ ਨਾਂ ਹਟਾਉਣ ਦਾ ਜ਼ਿਕਰ ਵੀ ਕੀਤਾ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਲੋੜ ਪਈ ਹੈ ਤਾਂ ਗ੍ਰਹਿ ਮੰਤਰੀ ਸ਼ਾਹ ਅੇ ਹੋਰਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ-ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜੋ ਕੇਂਦਰ ਨਾਲ ਮਿਲ ਕੇ ਕੰਮ ਕਰੇ ਕਿਉਂਕਿ ਪੰਜਾਬ ਨੂੰ ਕਰਜ਼ੇ ਅਤੇ ਘਟਦੀ ਖੇਤੀ ਆਮਦਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਭਾਜਪਾ ਦੇ ਪੰਜਾਬ ਜਨਰਲ ਸਕੱਤਰ-ਇੰਚਾਰਜ ਦੁਸ਼ਯੰਤ ਗੌਤਮ ਤੇ ਹਰਿਆਣਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ, ਜਗਦੀਸ਼ ਜੱਗਾ, ਬਿਕਰਮ ਚਹਿਲ, ਸੁਰਿੰਦਰ ਖੇੜਕੀ ਸਣੇ ਕਈ ਹਾਜ਼ਰ ਸਨ।
ਪਟਿਆਲਾ ਵਿਚ ਕਿਸਾਨਾਂ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਪ੍ਰਦਰਸ਼ਨ
ਪਟਿਆਲਾ (ਖੇਤਰੀ ਪ੍ਰਤੀਨਿਧ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਫੇਰੀ ਮੌਕੇ ਉਨ੍ਹਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪਰ ਪਹਿਲਾਂ ਤੋਂ ਕੀਤੇ ਗਏ ਪ੍ਰਬੰਧਾਂ ਕਾਰਨ ਪੁਲੀਸ ਨੇ ਕਿਸਾਨਾਂ ਦੇ ਕਾਫਲਿਆਂ ਨੂੰ ਪਿੱਛੇ ਹੀ ਰੋਕ ਲਿਆ। ਕਿਸਾਨਾਂ ਨੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।