ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪਿਛਲੇ ਸਮੇਂ ਦੌਰਾਨ ਬਣੀ ਐੱਮਸੀਐੱਚ (ਜ਼ੱਚਾ ਬੱਚਾ ਹਸਪਤਾਲ) ਦੀ ਇਮਾਰਤ ਸਣੇ ਸਰਕਾਰੀ ਮੈਡੀਕਲ ਕਾਲਜ ਵਿਚਲੀ ਇੰਸਟੀਚਿਊਟ ਬਿਲਡਿੰਗ ’ਚ ਖਾਮੀਆਂ ਦਾ ਖਦਸ਼ਾ ਜ਼ਾਹਿਰ ਕਰਦਿਆਂ ਅੱਜ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਸ ਦੀ ਸਮਾਂਬੱਧ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਇਮਾਰਤਾਂ ਦੀ ਉਸਾਰੀ ਸਬੰਧੀ ਕੋਈ ਵੀ ਘਪਲਾ ਸਾਹਮਣੇ ਆਇਆ ਤਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਮਬੀਬੀਐੱਸ ਲਈ ਬਣੀ ਇੰਸਟੀਚਿਊਟ ਦੀ ਅਧੂਰੀ ਇਮਾਰਤ ਸਣੇ ਐੱਮਸੀਐੱਚ ਬਿਲਡਿੰਗ ਦੀ ਖਸਤਾ ਹਾਲਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇਗਾ।
ਉੁਹ ਅੱਜ ਇੱਥੇ ਮੈਡੀਕਲ ਕਾਲਜ ਦੇ ਲੜਕਿਆਂ ਤੇ ਕੁੜੀਆਂ ਦੇ ਹੋਸਟਲ, ਇਨ੍ਹਾਂ ਦੀ ਮੈੱਸ, ਇੰਸਟੀਚਿਊਟ ਬਿਲਡਿੰਗ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਤੇ ਐੱਮਸੀਐੱਚ ਬਿਲਡਿੰਗ ਦਾ ਜਾਇਜ਼ਾ ਲੈਣ ਆਏ ਸਨ। ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਡਾ. ਬਲਬੀਰ ਸਿੰਘ ਸਮੇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ। ਚੇਤਨ ਸਿੰਘ ਜੌੜਾਮਾਜਰਾ ਨੇ ਐੱਮਸੀਐੱਚ ਬਿਲਡਿੰਗ ਵਿੱਚ ਸੀਵਰੇਜ ਦੀ ਲੀਕੇਜ ਤੇ ਨਾਕਸ ਪ੍ਰਣਾਲੀ ਸਣੇ ਸਫ਼ਾਈ ਦੀ ਘਾਟ ਲਈ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜਵਾਬ ਤਲਬੀ ਦੇ ਆਦੇਸ਼ ਵੀ ਦਿੱਤੇ। ਜੌੜੇਮਾਜਰਾ ਨੇ ਡਾਇਲਸਿਸ ਰੂਮ ਵਿੱਚ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਫਰਸ਼ ਦੀਆਂ ਟੁੱਟੀਆਂ ਟਾਈਲਾਂ ਤੁਰੰਤ ਠੀਕ ਕਰਵਾਉਣ ਲਈ ਕਿਹਾ।