ਪਟਿਆਲਾ (ਖੇਤਰੀ ਪ੍ਰਤੀਨਿਧ): ਪਾਵਰਕੌਮ ਨੇ 15 ਸਤੰਬਰ ਤੱਕ ਬਿਜਲੀ ਮੁਲਾਜ਼ਮਾਂ ਦੇ ਘਰਾਂ ਵਿੱਚ ਪੁਰਾਣੇ ਮੀਟਰ ਉਤਾਰ ਕੇ ਨਵੇਂ ਸਮਾਰਟ ਮੀਟਰ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪਾਵਰਕੌਮ ਦੇ ਇਸ ਫ਼ੈਸਲੇ ਦਾ ਬਿਜਲੀ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਪੱਤਰ ਲਿਖ ਕੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਤਰਕ ਦਿੱਤਾ ਹੈ ਕਿ ਬਿਜਲੀ ਮੁਲਾਜ਼ਮ ਵੀ ਇਕ ਖਪਤਕਾਰ ਹੈ, ਜਿਸ ’ਤੇ ਆਮ ਖਪਤਕਾਰਾਂ ਵਾਲੀ ਨੀਤੀ ਹੀ ਲਾਗੂ ਰਹਿਣੀ ਚਾਹੀਦੀ ਹੈ।