ਗਗਨਦੀਪ ਅਰੋੜਾ
ਲੁਧਿਆਣਾ, 12 ਮਈ
ਦੇਸ਼ ਵਿੱਚ ਆਕਸੀਜਨ ਦੀ ਕਿੱਲਤ ਨੂੰ ਦੇਖਦਿਆਂ ਐਨਜੀਓ ‘ਰਾਊਂਡ ਟੇਬਲ ਇੰਡੀਆ’ ਵੱਲੋਂ ‘ਪ੍ਰਾਜੈਕਟ ਹੀਲ’ ਤਹਿਤ ਅਮਰੀਕਾ ਤੋਂ 4600 ਆਕਸੀਜਨ ਕੰਸਨਟਰੇਟਰ ਮੰਗਵਾਏ ਜਾ ਰਹੇ ਹਨ। ਇਨ੍ਹਾਂ ’ਚੋਂ ਕੁਝ ਲੁਧਿਆਣਾ ਪੁੱਜ ਚੁੱਕੇ ਹਨ, ਜੋ ਪੰਜਾਬ, ਦਿੱਲੀ, ਹਰਿਆਣਾ, ਉੱਤਰਾਖੰਡ ਤੇ ਯੂਪੀ ਸਣੇ ਹੋਰ ਸੂਬਿਆਂ ਵਿੱਚ ਵੰਡੇ ਜਾਣਗੇ। ਇਸ ਸਬੰਧੀ ‘ਰਾਊਂਡ ਟੇਬਲ ਇੰਡੀਆ’ ਦੇ ਆਯੂਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਐੱਨਜੀਓ ਨੇ ਆਈਪੀਐਲ ਦੀ ਟੀਮ ‘ਪੰਜਾਬ ਕਿੰਗਜ਼’ ਦੇ ਸਹਿਯੋਗ ਨਾਲ ਅਮਰੀਕਾ ਤੋਂ 4600 ਆਕਸੀਜਨ ਕੰਸਨਟਰੇਟਰ ਮੰਗਵਾਉਣ ਦੀ ਮੁਹਿੰਮ ਆਰੰਭੀ ਹੈ, ਜਿਸ ਨੂੰ ‘ਪ੍ਰਾਜੈਕਟ ਹੀਲ’ ਤੇ ‘ਪ੍ਰਾਜੈਕਟ ਸਾਹ’ ਦਾ ਨਾਂ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਵਿੱਚ ਅਮਰੀਕਾ ਦੀ ਟਰਾਈ ਵੈਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਇੰਡੀਆ ਕਮਿਊਨਿਟੀ ਸੈਂਟਰ ਦੀ ਹੈੱਡ ਡਾ. ਸ਼ੁਭਾ ਜੈਨ ਦਾ ਵੀ ਵੱਡਾ ਯੋਗਦਾਨ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅਮਰੀਕਾ ਤੋਂ 100 ਤੇ ਅੱਜ 162 ਕੰਸਨਟਰੇਟਰ ਪੁੱਜ ਚੁੱਕੇ ਹਨ। ਬਾਕੀ ਅਗਲੇ ਕੁੱਝ ਦਿਨਾਂ ਵਿੱਚ ਪੁੱਜ ਜਾਣਗੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ’ਚ ਕੰਸਨਟਰੇਟਰਾਂ ਦਾ ਆਕਸੀਜਨ ਬੈਂਕ ਬਣਾਇਆ ਜਾਵੇਗਾ। ਜਦੋਂ ਕੋਈ ਮਰੀਜ਼ ਜਾਂ ਪਰਿਵਾਰ ਵਾਲੇ ਡਾਕਟਰ ਦੀ ਪਰਚੀ ਲੈ ਕੇ ਆਉਣਗੇ ਤਾਂ ਉਨ੍ਹਾਂ ਦੀ ਤਕਨੀਕੀ ਟੀਮ ਉਨ੍ਹਾਂ ਦੇ ਘਰ ਜਾ ਕੇ ਇਹ ਉਪਕਰਨ ਲਾਵੇਗੀ। ਡਾਕਟਰਾਂ ਦੇ ਹੁਕਮਾਂ ਅਨੁਸਾਰ ਹੀ ਕੰਸਨਟਰੇਟਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਹਸਪਤਾਲਾਂ ਜਾਂ ਕਰੋਨਾ ਸੈਂਟਰਾਂ ’ਚ ਵੀ ਇਹ ਲੋੜ ਅਨੁਸਾਰ ਮੁੱਹਈਆ ਕਰਵਾਏ ਜਾਣਗੇ। ਜਦੋਂ ਮਰੀਜ਼ ਦੀ ਲੋੜ ਪੂਰੀ ਹੋ ਜਾਵੇਗੀ ਤਾਂ ਇਹ ਵਾਪਸ ਲੈ ਲਏ ਜਾਣਗੇ। ਵਿਦੇਸ਼ ਤੋਂ ਆਉਣ ਵਾਲੇ ਇਨ੍ਹਾਂ ਆਕਸੀਜਨ ਕੰਸਨਟਰੇਟਰਾਂ ਨਾਲ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਐੱਨਸੀਆਰ ਤੇ ਉੱਤਰਾਖੰਡ ਆਦਿ ਸੂਬਿਆਂ ਦੇ ਸ਼ਹਿਰਾਂ ’ਚ ਆਕਸੀਜਨ ਬੈਂਕ ਬਣਾਏ ਜਾਣਗੇ।
ਆਯੂਸ਼ ਨੇ ਦੱਸਿਆ ਕਿ ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ’ਚ ਵਧ ਰਹੀ ਮੌਤ ਦਰ ਦੇਖਦਿਆਂ ਉਨ੍ਹਾਂ ਅਮਰੀਕਾ ’ਚ ਆਪਣੇ ਡਾਕਟਰ ਦੋਸਤਾਂ ਅਤੇ ਹੋਰ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਮਹਾਮਾਰੀ ਦੇ ਇਸ ਮੁਸ਼ਕਲ ਦੌਰ ’ਚ ਆਪਣੇ ਦੇਸ਼ ਦੇ ਲੋਕਾਂ ਦੀ ਮਦਦ ਲਈ ਇੱਛਾ ਪ੍ਰਗਟਾਈ। ਅਮਰੀਕਾ ’ਚ ਡਾ. ਸ਼ੁਭਾ ਜੈਨ ਤੇ ਉਨ੍ਹਾਂ ਦੇ ਸਾਥੀਆਂ ਨੇ 4600 ਆਕਸੀਜਨ ਕੰਸਨਟਰੇਟਰਾਂ ਦਾ ਪ੍ਰਬੰਧ ਕੀਤਾ ਹੈ।