ਪੱਟੀ (ਬੇਅੰਤ ਸਿੰਘ ਸੰਧੂ): ਇੱਥੋਂ ਦੇ ਗੁਰਦੁਆਰਾ ਭੱਠ ਸਾਹਿਬ ’ਤੇ ਬੀਤੇ ਦਿਨੀਂ ਇੱਕ ਨਿਹੰਗ ਜਥੇਬੰਦੀ ਵੱਲੋਂ ਕੀਤੇ ਗਏ ਕਬਜ਼ੇ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਮਰੇ ਵਿੱਚ ਬੰਦ ਮਾਂ ਸਮੇਤ ਦੋ ਬੱਚਿਆਂ ਅਤੇ ਦੋ ਨੌਜਵਾਨ ਸੇਵਾਦਾਰਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਹੈ। ਇਸੇ ਦੌਰਾਨ ਉਨ੍ਹਾਂ ਇਸ ਸਬੰਧੀ ਕੇਂਦਰੀ ਅਤੇ ਸੂਬਾ ਗ੍ਰਹਿ ਮੰਤਰਾਲੇ ਸਮੇਤ ਪੁਲੀਸ ਤੋਂ 10 ਨਵੰਬਰ ਤੱਕ ਜਵਾਬ ਮੰਗਿਆ ਹੈ। ਸ਼ਿਕਾਇਤਕਰਤਾ ਨਰਬੀਰ ਸਿੰਘ ਨੇ ਦੋਸ਼ ਲਾਇਆ ਕਿ ਗੁਰਦੁਆਰੇ ’ਤੇ ਕਬਜ਼ਾ ਕਰਨ ਪਹੁੰਚੇ ਕਈ ਵਿਅਕਤੀ ਪੁਲੀਸ ਨੂੰ ਇਰਾਦਾ ਕਤਲ ਵਰਗੇ ਸੰਗੀਨ ਦੋਸ਼ਾਂ ਵਿੱਚ ਲੋਂੜੀਦੇ ਸਨ। ਇਨ੍ਹਾਂ ਨੇ ਡੀਐੱਸਪੀ ਕੁਲਜਿੰਦਰ ਸਿੰਘ, ਐੱਸਐੱਚਓ ਭੁਪਿੰਦਰ ਕੌਰ ਅਤੇ ਐੱਸਐੱਚਓ ਲਖਮੀਰ ਸਿੰਘ ਦੀ ਹਾਜ਼ਰੀ ਵਿੱਚ ਗੁਰਦੁਆਰੇ ’ਤੇ ਕਬਜ਼ਾ ਕੀਤਾ। ਉਨ੍ਹਾਂ ਸੂਬੇ ਦੇ ਡੀਜੀਪੀ ਤੋਂ ਪੱਟੀ ਦੇ ਡੀਐੱਸਪੀ, ਹਰੀਕੇ ਦੇ ਐੱਸਐੱਚਓ ਤੇ ਸਦਰ ਪੱਟੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਡੀਐੱਸਪੀ ਕੁਲਜਿੰਦਰ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਅਣਸੁਖਾਵੀਂ ਘਟਨਾ ਰੋਕਣ ਲਈ ਗੁਰਦੁਆਰੇ ਵਿੱਚ ਪੁਲੀਸ ਸਰੱਖਿਆ ਤਇਨਾਤ ਕੀਤੀ ਗਈ ਹੈ।