ਨਵਕਿਰਨ ਸਿੰਘ
ਮਹਿਲ ਕਲਾਂ, 12 ਅਗਸਤ
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਕਿਰਨਜੀਤ ਕੌਰ ਦਾ 24ਵਾਂ ਬਰਸੀ ਸਮਾਗਮ ਸਥਾਨਕ ਅਨਾਜ ਮੰਡੀ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ’ਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸੰਗਰਾਮਾਂ ਦੀ ਧਰਤੀ ਮਹਿਲ ਕਲਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਦੁਨੀਆ ਦਾ ਇਤਿਹਾਸਕ ਅੰਦੋਲਨ ਲੜ ਰਹੇ ਹਨ ਜਿਸ ਵਿੱਚ ਇੱਕ ਪਾਸੇ ਕਾਰਪੋਰੇਟ ਘਰਾਣੇ ਹਨ ਅਤੇ ਦੂਜੇ ਪਾਸੇ ਆਮ ਲੋਕ ਹਨ।
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿੱਚ ਆਮ ਲੋਕਾਂ ਦੀ ਜਿੱਤ ਹੋਵੇਗੀ। ਉਨ੍ਹਾਂ ਹਰਿਆਣਾ ’ਚ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬੂਟਾ ਸਿੰਘ ਬੁਰਜਗਿੱਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮਨਜੀਤ ਧਨੇਰ ਅਤੇ ਰੁਲਦੂ ਸਿੰਘ ਮਾਨਸਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ ਤਹਿਤ ਕਾਰਪੋਰੇਟ ਘਰਾਣਿਆਂ ਦੇ ਲੁਟੇਰ ਹਿੱਤਾਂ ਦੀ ਪੂਰਤੀ ਲਈ ਇਹ ਕਾਨੂੰਨ ਲਿਆਂਦੇ ਹਨ। ਖੱਬੇ-ਪੱਖੀ ਆਗੂ ਕਾਮਰੇਡ ਮੰਗਤ ਰਾਮ ਪਾਸਲਾ, ਕੰਵਲਜੀਤ ਖੰਨਾ, ਬੰਤ ਬਰਾੜ, ਨਰਾਇਣ ਦੱਤ ਅਤੇ ਧੰਨਾ ਮੱਲ ਗੋਇਲ ਨੇ ਕਿਹਾ ਕਿ ਮੌਜੂਦਾ ਹਕੂਮਤ ਕਿਰਤ ਕਾਨੂੰਨਾਂ ਵਿੱਚ ਮਾਲਕ ਪੱਖੀ ਸੋਧਾਂ ਕਰਕੇ ਉਨ੍ਹਾਂ ਨੂੰ ਅਰਥਹੀਣ ਬਣਾ ਰਹੀ ਹੈ ਅਤੇ ਦੂਜੇ ਪਾਸੇ ਫਿਰਕੂ ਫਾਸ਼ੀ ਨੀਤੀ ਦੇ ਚਲਦਿਆਂ ਘੱਟ ਗਿਣਤੀ ਤਬਕਿਆਂ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਅਦਾਕਾਰਾ ਸੋਨੀਆ ਮਾਨ, ਹਰਿਆਣਾ ਤੋਂ ਕਿਸਾਨ ਆਗੂ ਸੁਰੇਸ਼ ਕੰਡੇਲਾ ਨੇ ਕਿਹਾ ਕਿ ਔਰਤਾਂ ਉਪਰ ਹੁੰਦੇ ਜਬਰ-ਜ਼ੁਲਮ ਦੀ ਦਾਸਤਾਂ ਬਹੁਤ ਲੰਬੀ ਹੈ। ‘ਇਹ ਕੋਈ ਨਵੀਂ ਜਾਂ ਇਕੱਲੀ ਇਕਹਿਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ।’ ਇਸ ਦੌਰਾਨ ਲੋਕ ਗਾਇਕ ਅਜਮੇਰ ਅਕਲੀਆ, ਜਗਸੀਰ ਜੀਦਾ, ਪਾਠਕ ਭਰਾ ਧਨੌਲੇ ਵਾਲਿਆਂ, ਜਗਰਾਜ ਧੌਲਾ, ਬਲਿਹਾਰ ਗੋਬਿੰਦਗੜ੍ਹ, ਇਸ਼ਮੀਤ ਕੌਰ ਨੇ ਲੋਕ ਸੰਘਰਸ਼ ਨੂੰ ਸਮਰਪਿਤ ਕਵੀਸ਼ਰੀ ਅਤੇ ਗੀਤ ਪੇਸ਼ ਕੀਤੇ। ਦਿੱਲੀ ਬਾਰਡਰ ’ਤੇ ਸੇਵਾਵਾਂ ਦੇਣ ਵਾਲੇ ਡਾਕਟਰ ਸਵੈਮਾਨ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਛੋਟੇ ਬੱਚੇ ਕਪਤਾਨ ਸਿੰਘ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਸਨਾਮਨ ਦਿੱਤਾ ਗਿਆ।