ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 10 ਮਾਰਚ
ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਦੂਜੀ ਵਾਰ ਵੱਡੀ ਲੀਡ ਨਾਲ ਚੋਣ ਜਿੱਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿੱਚ ਜੇਤੂ ਰੈਲੀ ਮੌਕੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਲਿਆ ਕੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਉਨ੍ਹਾਂ ਵੱਡੇ ਥੰਮਾਂ ਨੂੰ ਡੇਗਿਆ ਹੈ, ਜਿਹੜੇ ਕਹਿੰਦੇ ਸੀ ਕਿ ਉਹ ਚੋਣਾਂ ਵਿੱਚ ਕਦੇ ਵੀ ਨਹੀਂ ਹਾਰੇ ਅਤੇ ਭਵਿੱਖ ਵਿੱਚ ਵੀ ਨਹੀਂ ਹਾਰਨਗੇ। ਉਨ੍ਹਾਂ ਨੇ ਕਿਹਾ ਕਿ ‘ਆਪ’ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ ਤੇ ਭ੍ਰਿਸ਼ਟਾਚਾਰ ਤੇ ਨਸ਼ੇ ਵਰਗੀਆਂ ਲਾਹਨਤਾਂ ਨੂੰ ਪਹਿਲ ਦੇ ਆਧਾਰ ’ਤੇ ਜੜ੍ਹੋਂ ਖ਼ਤਮ ਕੀਤਾ ਜਾਵੇਗਾ।