ਅਜੈ ਮਲਹੋਤਰਾ/ਡਾ. ਹਿਮਾਂਸੂ ਸੂਦ
ਸ੍ਰੀ ਫ਼ਤਹਿਗੜ੍ਹ ਸਾਹਿਬ, 11 ਜੂਨ
ਪਿਛਲੇ ਦਿਨੀਂ ਘੱਲੂਘਾਰੇ ਹਫ਼ਤੇ ਦੌਰਾਨ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਤੋਂ ਅਣਪਛਾਤਿਆਂ ਵੱਲੋਂ 1200 ਦੇ ਕਰੀਬ ਕਲਿੱਪ ਅਤੇ ਲਾਈਨਰ ਚੋਰੀ ਕਰ ਲਏ ਜਾਣ ਦੀ ਘਟਨਾ ਨੇ ਸੂਬੇ ਦੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਸੀ, ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਸਿੱਖ ਫਾਰ ਜਸਟਿਸ ਜਥੇਬੰਦੀ ਦੇ ਅਮਰੀਕਾ ’ਚ ਬੈਠੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਸੀ ਕਿ ਇਹ ਕੰਮ ਉਨ੍ਹਾਂ ਦੀ ਜਥੇਬੰਦੀ ਵੱਲੋਂ ਕਰਵਾਇਆ ਗਿਆ ਹੈ ਤੇ ਉਹ ਭਾਰਤ ਦੇ ਰੇਲਵੇ ਸਟੇਸ਼ਨਾਂ ਅਤੇ ਰੇਲਵੇ ਟਰੈਕਾਂ ਨੂੰ ਕਦੇ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਪਰ ਪੁਲੀਸ ਦੀ ਤਫਤੀਸ਼ ਦੌਰਾਨ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਆਮ ਚੋਰ ਨਿਕਲੇ। ਇੱਥੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਬਸੀ ਪਠਾਣਾਂ ਜੰਗਜੀਤ ਸਿੰਘ ਅਤੇ ਐੱਸਐੱਚਓ ਬਡਾਲੀ ਆਲਾ ਸਿੰਘ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪਿੰਡ ਚੋਲਟੀ ਖੇੜੀ ਨੇੜਿਓਂ ਲੰਘਦੀ ਰੇਲਵੇ ਲਾਈਨ ਤੋਂ ਚੋਰੀ ਹੋਏ ਕਲਿੱਪਾਂ ਅਤੇ ਲਾਈਨਰਾਂ ਸਬੰਧੀ 4 ਜੂਨ 2022 ਨੂੰ ਕੇਸ ਦਰਜ ਕਰ ਕੇ ਇਸ ਵਾਰਦਾਤ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ। 10 ਅਪਰੈਲ 2022 ਨੂੰ ਥਾਣਾ ਸਰਹਿੰਦ ਦੀ ਪੁਲੀਸ ਵੱਲੋਂ ਬੈਟਰੀਆਂ ਚੋਰੀ ਹੋਣ ਸਬੰਧੀ ਇੱਕ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧ ’ਚ ਕਥਿਤ ਦੋਸ਼ੀਆਂ ਸੋਮਾ ਸਿੰਘ ਵਾਸੀ ਪਿੰਡ ਹੰਸਾਲੀ, ਸੋਨੂੰ ਸੋਲੰਕੀ ਵਾਸੀ ਬੁਲੰਦਸ਼ਹਿਰ (ਯੂ.ਪੀ.) ਹਾਲ ਆਬਾਦ ਸਰਹਿੰਦ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਚੋਲਟੀ ਖੇੜੀ ਨੇੜਿਓਂ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਤੋਂ ਕਲਿੱਪ ਅਤੇ ਲਾਈਨਰ ਚੋਰੀ ਕਰ ਕੇ ਨਬੀਪੁਰ ਦੇ ਕਬਾੜੀਏ ਨੇਕ ਰਾਮ ਨੂੰ ਵੇਚੇ ਹਨ। ਇਸ ’ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਮੁਲਜ਼ਮਾਂ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕਰਦਿਆਂ ਸੋਮਾ ਸਿੰਘ, ਸੋਨੂੰ ਸੋਲੰਕੀ ਤੇ ਕਬਾੜੀਏ ਨੇਕ ਰਾਮ ਤੋਂ ਚੋਰੀ ਕੀਤੇ ਕੁੱਝ ਰੇਲਵੇ ਲਾਈਨਰ ਅਤੇ ਕਲਿੱਪ ਬਰਾਮਦ ਕਰ ਲਏ। ਡੀਐੱਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਦਹਿਸ਼ਤ ਫੈਲਾਉਣ ਲਈ ਪੰਨੂ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ।