ਚਰਨਜੀਤ ਭੁੱਲਰ
ਚੰਡੀਗੜ੍ਹ, 30 ਦਸੰਬਰ
ਅਗਲੀਆਂ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ਦੇ ਫ਼ੈਸਲੇ ਤੋਂ ਪੰਜਾਬ ਕਾਂਗਰਸ ਵਿੱਚ ਮੁੜ ਸਿਆਸੀ ਘਮਸਾਣ ਉੱਠ ਖੜ੍ਹਾ ਹੋਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਪੱਖ ਵਿੱਚ ਹਨ ਕਿ ਪੰਜਾਬ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨਾਲ ਉੱਤਰਿਆ ਜਾਵੇ, ਜਦੋਂ ਕਿ ਕਾਂਗਰਸ ਹਾਈਕਮਾਨ ਸਾਂਝੀ ਕਮਾਨ ਹੇਠ ਚੋਣਾਂ ਵਿੱਚ ਉੱਤਰਨ ਦੇ ਰੌਂਅ ’ਚ ਹੈ।
ਨਵਜੋਤ ਸਿੱਧੂ ਨੇ ਇਸ ਮਾਮਲੇ ’ਤੇ ਆਪਣੇ ਸੁਰ ਤਿੱਖੇ ਕਰ ਲਏ ਹਨ। ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਦੇ ਤੇਵਰਾਂ ਤੋਂ ਨਾਖ਼ੁਸ਼ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਭਰ ਵਿੱਚ ਆਪੋ-ਆਪਣੇ ਪੱਧਰ ’ਤੇ ਵੱਖੋ-ਵੱਖਰੇ ਪ੍ਰੋਗਰਾਮ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਚੰਨੀ ਤੇ ਸਿੱਧੂ ਵਿੱਚ ਕੋਈ ਤਾਲਮੇਲ ਨਹੀਂ ਬੈਠ ਰਿਹਾ ਹੈ। ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਜਦੋਂ ਇਸ ਬਾਰੇ ਆਖ ਦਿੱਤਾ ਕਿ ਚੋਣਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਥਾਂ ਸਾਂਝੀ ਕਮਾਨ ਹੇਠ ਲੜੀਆਂ ਜਾਣਗੀਆਂ ਤਾਂ ਇਸ ਮਗਰੋਂ ਨਵਜੋਤ ਸਿੱਧੂ ਦੇ ਸੁਰ ਤਿੱਖੇ ਹੋ ਗਏ ਹਨ। ਚੋਣਾਂ ਦੇ ਦਿਨਾਂ ਵਿੱਚ ਕਾਂਗਰਸ ਨੂੰ ਇਸ ਵੇਲੇ ਵੱਡਾ ਖ਼ਤਰਾ ਅੰਦਰੋਂ ਹੀ ਜਾਪ ਰਿਹਾ ਹੈ। ਪੰਜਾਬ ਕਾਂਗਰਸ ਤਰਫ਼ੋਂ ਸਾਂਝੇ ਤੌਰ ’ਤੇ ਵਿੱਢੀ ਜਾ ਵਾਲੀ ਚੋਣ ਪ੍ਰਚਾਰ ਮੁਹਿੰਮ ਵੀ ਪੱਛੜ ਗਈ ਹੈ। ਪੰਜਾਬ ਵਿੱਚ ਪ੍ਰਮੁੱਖ ਸੜਕਾਂ ’ਤੇ ਲੱਗੇ ਫਲੈਕਸਾਂ ਵਿੱਚ ਮੁੱਖ ਮੰਤਰੀ ਵਜੋਂ ਚਰਨਜੀਤ ਚੰਨੀ ਨੂੰ ਉਭਾਰਿਆ ਗਿਆ ਹੈ।
ਅਹਿਮ ਸੂਤਰਾਂ ਅਨੁਸਾਰ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਵੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ 2 ਤੇ 3 ਜਨਵਰੀ ਨੂੰ ਚੰਡੀਗੜ੍ਹ ਅਤੇ ਦਿੱਲੀ ਵਿੱਚ ਸਕਰੀਨਿੰਗ ਕਮੇਟੀ ਅਤੇ ਚੋਣ ਪ੍ਰਚਾਰ ਕਮੇਟੀ ਦੀਆਂ ਮੀਟਿੰਗਾਂ ਹੋਣੀਆਂ ਹਨ, ਜਿਨ੍ਹਾਂ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣੀਆਂ ਹਨ। ਸੂਤਰ ਦੱਸਦੇ ਹਨ ਕਿ ਉਮੀਦਵਾਰਾਂ ਦੀ ਪਹਿਲੀ ਸੂਚੀ ਲੋਹੜੀ ਮਗਰੋਂ ਹੀ ਜਾਰੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਾਲੇ ਤੱਕ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਤੈਅ ਨਹੀਂ ਹੋਈ ਹੈ।
ਰਾਹੁਲ ਗਾਂਧੀ ਦਾ ਪੰਜਾਬ ਦੌਰਾ ਮੁਲਤਵੀ
ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਮੁਲਤਵੀ ਹੋ ਗਿਆ ਹੈ ਅਤੇ ਹੁਣ ਮਾਘੀ ਮਗਰੋਂ ਹੀ ਦੌਰਾ ਤੈਅ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਇਟਲੀ ਚਲੇ ਗਏ ਹਨ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਅਗਾਮੀ 15 ਤੇ 16 ਜਨਵਰੀ ਨੂੰ ਪੰਜਾਬ ਤੇ ਗੋਆ ਵਿੱਚ ਰੈਲੀਆਂ ਕਰ ਸਕਦੇ ਹਨ। ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨਿੱਜੀ ਦੌਰੇ ’ਤੇ ਵਿਦੇਸ਼ ਗਏ ਹਨ ਅਤੇ ਭਾਜਪਾ ਨੂੰ ਅਫ਼ਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ।
ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੱਲੋਂ ‘ਆਪਣਿਆਂ’ ਨੂੰ ਥਾਪੀ
ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਵੱਲੋਂ ਟਿਕਟਾਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਹੀ ਉਮੀਦਵਾਰਾਂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਚੰਨੀ ਨੇ ਅੱਜ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ਥਾਪੀ ਦਿੱਤੀ ਅਤੇ ਪਹਿਲਾਂ ਸੁਨਾਮ ਤੋਂ ਦਮਨ ਥਿੰਦ ਬਾਜਵਾ ਨੂੰ ਵੀ ਉਮੀਦਵਾਰ ਵਜੋਂ ਪੇਸ਼ ਕੀਤਾ ਸੀ। ਦੂਜੇ ਪਾਸੇ ਨਵਜੋਤ ਸਿੱਧੂ ਨੇ ਕਾਦੀਆਂ ਤੋਂ ਫ਼ਤਹਿਜੰਗ ਬਾਜਵਾ ਦੇ ਮੋਢੇ ਤੇ ਹੱਥ ਰੱਖਿਆ ਸੀ, ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਸਿੱਧੂ ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਅਤੇ ਬਟਾਲਾ ਤੋਂ ਅਸ਼ਵਨੀ ਸੇਖੜੀ ਨੂੰ ਵੀ ਥਾਪੀ ਦੇ ਚੁੱਕੇ ਹਨ।