ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਅਕਤੂਬਰ
ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਮੌਕੇ ਰਾਮਤੀਰਥ ਵਿੱਚ ਲੱਗੀ ਸਕਰੀਨ ’ਤੇ ਮੁੱਖ ਮੰਤਰੀ ਨੂੰ ਭਗਵਾਨ ਵਾਲਮੀਕ ਤੋਂ ਉੱਪਰ ਦਿਖਾਏ ਜਾਣ ’ਤੇ ਅੱਜ ਵਾਲਮੀਕ ਭਾਈਚਾਰਾ ਰੋਹ ਵਿੱਚ ਆ ਗਿਆ ਜਿਸ ਕਾਰਨ ਉਨ੍ਹਾਂ ਰੋਸ ਵਜੋਂ ਇੱਥੇ ਭੰਡਾਰੀ ਪੁਲ ’ਤੇ ਆਵਾਜਾਈ ਰੋਕੀ। ਇਸ ਦੌਰਾਨ ਸਾਰੇ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਭੰਡਾਰੀ ਪੁਲ ’ਤੇ ਆਵਾਜਾਈ ਰੋਕੇ ਜਾਣ ਤੋਂ ਬਾਅਦ ਪੁਲੀਸ ਨੇ ਆਵਾਜਾਈ ਰੀਗੋ ਬ੍ਰਿਜ ਅਤੇ ਬੱਸ ਅੱਡੇ ਵਾਲੇ ਪੁਲ ਵੱਲ ਤਬਦੀਲ ਕਰਵਾਈ ਜਿਸ ਕਾਰਨ ਜਾਮ ਲੱਗ ਗਏ ਅਤੇ ਲੋਕਾਂ ਨੂੰ ਕੁਝ ਮੀਟਰ ਦਾ ਰਸਤਾ ਪਾਰ ਕਰਨ ਲਈ ਖਾਸੀ ਉਡੀਕ ਕਰਨੀ ਪਈ। ਸਕੂਲਾਂ ਵਿੱਚ ਛੁੱਟੀ ਹੋਣ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਆਈ ਅਤੇ ਉਹ ਘਰ ਪੁੱਜਣ ਵਿੱਚ ਕਾਫ਼ੀ ਲੇਟ ਹੋ ਗਏ। ਇਸ ਧਰਨੇ ਵਿੱਚ ਭਗਵਾਨ ਵਾਲਮੀਕ ਧੁੰਨਾ ਸਾਹਿਬ ਟਰੱਸਟ, ਸਫਾਈ ਮਜ਼ਦੂਰ ਯੂਨੀਅਨ ਅਤੇ ਸੰਤ ਸਮਾਜ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ। ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਮੌਕੇ ਐੱਲਈਡੀ ਸਕਰੀਨਾਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਭਗਵਾਨ ਵਾਲਮੀਕ ਤੋਂ ਉੱਪਰ ਦਿਖਾਇਆ ਗਿਆ। ਇਸ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਵੀ ਹੋਈ ਹੈ ਪਰ ਉਨ੍ਹਾਂ ਕੋਈ ਸੁਣਵਾਈ ਨਹੀਂ ਕੀਤੀ। ਕੁਝ ਆਗੂਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਸਕਰੀਨਾਂ ਉੱਪਰ ਸ਼ਰਾਬ ਦੀ ਮਸ਼ਹੂਰੀ ਵੀ ਦਿਖਾਈ ਜਾ ਰਹੀ ਹੈ। ਅਧਿਕਾਰੀਆਂ ਉਨ੍ਹਾਂ ਦੇ ਇਤਰਾਜ਼ ਦੂਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਸ਼ਾਮ ਵੇਲੇ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ।