ਦੀਪਕ ਠਾਕੁਰ
ਤਲਵਾੜਾ, 21 ਅਕਤੂਬਰ
ਇਥੇ ਸ਼ਹਿਰ ਦੇ ਭੀੜ ਭਾੜ ਵਾਲੀ ਤਲਵਾੜਾ-ਦੌਲਤਪੁਰ ਸੜਕ ਮਾਰਗ ’ਤੇ ਹਲੇੜ੍ਹ ਮੋੜ ’ਤੇ ਓਵਰਲੋਡ ਟਿੱਪਰ ਰਾਹਗੀਰਾਂ ’ਤੇ ਜਾ ਚੜ੍ਹਿਆ ਜਿਸ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਟਿੱਪਰ ਪਿੰਡ ਹਲੇੜ੍ਹ ਦੇ ਜੀਤਾ ਅਤੇ ਚਾਹ ਦੀ ਦੁਕਾਨ ਕਰਦੇ ਛਿੰਦਾ ’ਤੇ ਜਾ ਚੜ੍ਹਿਆ ਜਿਸ ਕਾਰਨ ਉਨ੍ਹਾਂ ਦੀਆਂ ਲੱਤਾਂ ਦਰੜ ਗਈਆਂ। ਕਰਸ਼ਰਾਂ ਅਤੇ ਭਾਰੀ ਭਰਕਮ ਗੱਡੀਆਂ ਦੀ ਬੇਲਗਾਮ ਆਵਾਜਾਈ ਤੋਂ ਭੜਕੇ ਲੋਕਾਂ ਨੇ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਵਿਧਾਇਕ ਅਰੁਣ ਡੋਗਰਾ ਮੌਕੇ ’ਤੇ ਪੁੱਜੇ, ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਦਿਆਂ ਥਾਣਾ ਤਲਵਾੜਾ ਮੁਖੀ ਨੂੰ ਕਰੱਸ਼ਰਾਂ ਦੀਆਂ ਗੱਡੀਆਂ ਨੂੰ ਸਵੇਰੇ ਪੰਜ ਵਜੇ ਤੋਂ ਪਹਿਲਾਂ ਅਤੇ ਰਾਤ 11 ਵਜੇ ਤੋਂ ਬਾਅਦ ਹੀ ਸ਼ਹਿਰ ’ਚੋਂ ਲੰਘਣ ਦੀਆਂ ਹਦਾਇਤਾਂ ਜਾਰੀ ਕੀਤੀਆਂ।