ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਅਕਤੂਬਰ
ਖੇਤਰ ’ਚੋਂ ਲੰਘਦੀ ਸੁਆ ਨਦੀ ਦੇ ਕੰਢੇ ’ਤੇ ਲੱਗੇ ਸੈਂਕੜੇ ਸਟੋਨ ਕਰੱਸ਼ਰਾਂ ਤੋਂ ਰੋਜ਼ਾਨਾ ਹਜ਼ਾਰਾਂ ਦੀ ਤਦਾਦ ’ਚ ਰੇਤ, ਬਜ਼ਰੀ ਤੇ ਗਟਕਾ ਲੈ ਕੇ ਜਾਂਦੇ ਓਵਰਲੋਡਾਂ ਟਿੱਪਰਾਂ ਅਤੇ ਭਾਰੀ ਟਰਾਲਿਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਲਗਾਈ ਗਈ ਪਾਬੰਦੀ ਦੇ ਜ਼ੋਨ ਵਾਲੇ ਖੇਤਰ ਝੱਜ ਚੌਕ ਤੋਂ ਰੂਪਨਗਰ ਬਰਾਸਤਾ ਨੂਰਪੁਰ ਬੇਦੀ ’ਚੋ ਲੰਘ ਕੇ ਜਿਥੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਉਥੇ ਇੱਕ ਹਫ਼ਤੇ ’ਚ ਇਨ੍ਹਾਂ ਟਿੱਪਰਾਂ ਦੀ ਤੇਜ਼ ਰਫ਼ਤਾਰ ਨੇ 5 ਕੀਮਤੀ ਜਾਨਾਂ ਵੀ ਲਈਆਂ ਹਨ। ਦੱਸਣਯੋਗ ਹੈ ਕਿ ਝੱਜ ਚੌਕ ਤੋਂ ਰੂਪਨਗਰ, ਬੁੰਗਾ ਸਾਹਿਬ ਬਰਾਸਤਾ ਨੂਰਪੁਰ ਬੇਦੀ ਮੇਨ ਸੜਕਾਂ ਦੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਓਵਰਲੋਡ ਟਿੱਪਰਾਂ ’ਤੇ ਹੈਵੀ ਟਰਾਲਿਆਂ ਦੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਭਾਰੀ ਵਾਹਨਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲੀਸ ਵੀ ਬੇਵੱਸ ਨਜ਼ਰ ਆ ਰਹੀ ਹੈ।
ਲੰਘੇ ਦਿਨ ਇੱਕ ਓਵਰਲੋਡ ਟਿੱਪਰ ਨੇ ਪਿੰਡ ਹੀਰਪੁਰ ਦੇ ਇੱਕ ਨੌਜਵਾਨ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਪੁਲੀਸ ਨੇ ਖੂਨੀ ਟਿੱਪਰ ਨੂੰ ਕਬਜ਼ੇ ’ਚ ਲਿਆ, ਜਿਸ ਦੀ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਉਕਤ ਦੇ ਕੋਈ ਕਾਗਜ਼ ਹੀ ਨਹੀਂ ਸਨ ਨਾ ਹੀ ਉਸ ਦੇ ਚਾਲਕ ਕੋਲ ਕੋਈ ਡਰਾਈਵਿੰਗ ਲਾਇਸੈਂਸ ਸੀ। ਦੋ ਹੋਰ ਸੜਕ ਹਾਦਸਿਆਂ ’ਚ ਇੱਕ ਅਬਿਆਣਾ ਅਤੇ ਦੂਜਾ ਹਰੀਪੁਰ ਵਿੱਚ ਓਵਰਲੋਡ ਟਿੱਪਰਾਂ ਦੀ ਤੇਜ਼ ਰਫਤਾਰ ਨੇ ਦੋ ਵਿਅਕਤੀਆਂ ਦੀ ਜਾਨ ਲਈ। ਇਹ ਵੀ ਪਤਾ ਲੱਗਾ ਹੈ ਕਿ ਇਹ ਟਿੱਪਰ ਸਰਕਾਰ ਵਿੱਚ ਉੱਚ ਅਹੁਦਿਆਂ ਦੇ ਤਾਇਨਾਤ ਅਧਿਕਾਰੀਆਂ ਜਾਂ ਫਿਰ ਸਰਕਾਰ ਦੇ ਮੰਤਰੀਆਂ ’ਤੇ ਅਸਰ ਰਸੂਖ ਰੱਖਣ ਵਾਲੇ ਬੰਦਿਆਂ ਦੇ ਹਨ। ਇਲਾਕੇ ਦੇ ਲੋਕਾਂ ਨੇ ਕਿਹਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਟਿੱਪਰਾਂ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਟਿੱਪਰਾਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਡੀਐੱਸਪੀ ਨੇ ਟਿੱਪਰ ਚਾਲਕਾਂ ਨਾਲ ਮੀਟਿੰਗ ਕੀਤੀ
ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਟਿੱਪਰ ਚਾਲਕਾਂ ਵਿਰੁੱਧ ਕਾਰਵਾਈ ਦੀ ਗੱਲ ਕਹੀ। ਦੂਜੇ ਪਾਸੇ ਆਨੰਦਪੁਰ ਸਾਹਿਬ ਦੇ ਡੀਐੱਸਪੀ ਰਮਿੰਦਰ ਸਿੰਘ ਨੇ ਨੂਰਪੁਰ ਬੇਦੀ ਖੇਤਰ ਵਿੱਚ ਓਵਰਲੋਡ ਟਿੱਪਰਾਂ ਨਾਲ ਵੱਧ ਰਹੇ ਸੜਕ ਹਾਦਸਿਆ ਨੂੰ ਲੈ ਕੇ ਟਿੱਪਰ ਮਾਲਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਟਿੱਪਰਾਂ ਦੇ ਡਰਾਈਵਰਾਂ ਨੂੰ ਘੱਟ ਰਫ਼ਤਾਰ ਨਾਲ ਟਿੱਪਰ ਚਲਾਉਣ ਦੀ ਅਪੀਲ ਕੀਤੀ ਅਤੇ ਪਾਬੰਦੀ ਵਾਲੇ ਜ਼ੋਨ ਵਿੱਚ ਟਿੱਪਰ ਨਾ ਲਿਜਾਉਣ ਦੀ ਹਦਾਇਤ ਕੀਤੀ।