ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਦੀ ਖ਼ਬਰ ਜਿਵੇਂ ਹੀ ਲੁਧਿਆਣਾ ਪੁੱਜੀ ਤਾਂ ਇੱਥੇ ਦੇ ‘ਆਪ’ ਵਿਧਾਇਕ ਨੇ ਰਾਤੋ ਰਾਤ ਸ਼ਹਿਰ ਵਿੱਚ ਵਧਾਈਆਂ ਦੇ ਵੱਡੇ-ਵੱਡੇ ਬੋਰਡ ਲਗਾ ਦਿੱਤੇ।
ਬੋਰਡ ’ਤੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ ਤੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ। ਥੱਲੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਪਣਾ ਨਾਂ ਲਿਖਿਆ ਹੋਇਆ ਹੈ। ਇਸ ਤਰ੍ਹਾਂ ਦੇ ਬੋਰਡ ਸ਼ਹਿਰ ਦੇ ਪੌਸ਼ ਖੇਤਰਾਂ ਵਿੱਚ ਲਗਾਏ ਗਏ ਹਨ। ਦਰਅਸਲ, ਬੀਤੀ ਸ਼ਾਮ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਖ਼ਬਰ ਮਿਲੀ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਦੂਜਾ ਵਿਆਹ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਇਸ ਬਾਰੇ ਨਾਂ ਤਾਂ ਆਪ ਦੇ ਮੈਂਬਰਾਂ ਨੂੰ ਪਤਾ ਸੀ ਤੇ ਨਾਂ ਹੀ ਵਿਧਾਇਕਾਂ ਨੂੰ। ਜਿਵੇਂ ਹੀ ਦੇਰ ਸ਼ਾਮ ਇਹ ਖ਼ਬਰ ਆਈ ਤਾਂ ਪਹਿਲਾਂ ਆਪ ਦੇ ਵਿਧਾਇਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਉਸ ਤੋਂ ਬਾਅਦ ਰਾਤੋਂ ਰਾਤ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਤਾਂ ਸਨਅਤੀ ਸ਼ਹਿਰ ਵਿੱਚ ਮੁੱਖ ਮੰਤਰੀ ਨੂੰ ਵਧਾਈਆਂ ਦੇਣ ਦੇ ਵੱਡੇ-ਵੱਡੇ ਬੋਰਡ ਲਾ ਦਿੱਤੇ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਹੈ, ਇਸ ਕਰਕੇ ਖੁਸ਼ੀ ਵਿੱਚ ਉਨ੍ਹਾਂ ਇਹ ਬੋਰਡ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਨੇ ਵੀ ਕਈ ਥਾਵਾਂ ’ਤੇ ਬੋਰਡ ਲਗਾਏ ਹਨ। ਇਸ ਤੋਂ ਇਲਾਵਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਵਧਾਈਆਂ ਦਿੱਤੀਆਂ।