ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਗਸਤ
ਸਥਾਨਕ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੀ ਵਿਧਾਇਕਾ ਖ਼ਿਲਾਫ਼ ਉਸ ਦੇ ਕਥਿਤ ਪੀਏ ਵੱਲੋਂ ਪੰਜਾਬ ਦੇ ਲੋਕਪਾਲ ਕੋਲ ਕੀਤੀ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ, ਭ੍ਰਿਸ਼ਟਾਚਾਰ, ਬੇਨਾਮੀ ਜਾਇਦਾਦਾਂ ਬਣਾਉਣ ਦੇ ਗੰਭੀਰ ਦੋਸ਼ਾਂ ਵਾਲੀ ਸ਼ਿਕਾਇਤ ਵਾਪਸ ਲੈ ਲਈ ਗਈ ਹੈ। ਸ਼ਿਕਾਇਤ ਵਾਪਸ ਲੈਣ ਦੀ ਪੁਸ਼ਟੀ ਸ਼ਿਕਾਇਤਕਰਤਾ ਦੇ ਵਕੀਲ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਬੀਐੱਸ ਭੱਲਾ ਨੇ ਕੀਤੀ ਹੈ।
ਵੇਰਵਿਆਂ ਅਨੁਸਾਰ ਸਥਾਨਕ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਤਹਿਸੀਲਦਾਰ ਖ਼ਿਲਾਫ਼ ਹਲਫੀਆ ਬਿਆਨ ਸਮੇਤ ਪੰਜਾਬ ਦੇ ਲੋਕਪਾਲ ਤੇ ਹੋਰ ਕੇਂਦਰੀ ਤੇ ਰਾਜ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ, ਭ੍ਰਿਸ਼ਟਾਚਾਰ, ਬੇਨਾਮੀ ਜਾਇਦਾਦਾਂ ਬਣਾਉਣ ਦੇ ਦੋਸ਼ ਲਾ ਕੇ ਕਰੀਬ 10 ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ। ਇਸ ਦੌਰਾਨ ਪੰਜਾਬ ਦੇ ਲੋਕਪਾਲ ਵੱਲੋਂ ਵਿਧਾਇਕਾ ਨੂੰ ਤਲਬ ਕਰ ਲਿਆ ਗਿਆ ਸੀ। ਵਿਧਾਇਕਾ ਨੇ ਪੇਸ਼ੀ ਤੋਂ ਛੋਟ ਲਈ ਹੋਈ ਸੀ ਜਦੋਂਕਿ ਉਸ ਦਾ ਵਕੀਲ ਪੇਸ਼ ਹੋ ਰਿਹਾ ਸੀ। ਇਸ ਮਾਮਲੇ ਦੀ ਅੱਜ 21 ਅਗਸਤ ਨੂੰ ਲੋਕਪਾਲ ਦੀ ਅਦਾਲਤ ਵਿਚ ਸੁਣਵਾਈ ਹੋਣੀ ਸੀ। ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਦੇ ਵਕੀਲ ਨੇ ਇਹ ਸ਼ਿਕਾਇਤ ਵਾਪਸ ਲੈ ਲਈ। ਇਹ ਸ਼ਿਕਾਇਤ ਵਾਪਸ ਲੈਣ ਨਾਲ ਵਿਧਾਇਕਾ ਨੂੰ ਰਾਹਤ ਮਿਲ ਗਈ ਹੈ।