ਪੱਤਰ ਪ੍ਰੇਰਕ
ਬਠਿੰਡਾ, 16 ਸਤੰਬਰ
ਪਿੰਡ ਦਿਉਣ ਦੇ ਕਿਸਾਨ ਗੁਰਪ੍ਰੀਤ ਸਿੰਘ ਦੀ 12 ਏਕੜ ਝੋਨੇ ਦੀ ਫ਼ਸਲ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਮਗਰੋਂ ਤਬਾਹ ਹੋ ਗਈ। ਇਸ ਸਬੰਧੀ ਪੀੜਤ ਕਿਸਾਨ ਗੁਰਪ੍ਰੀਤ ਨੇ ਗੋਨਿਆਣਾ ਮੰਡੀ ਦੇ ਆੜ੍ਹਤੀ ਸ਼ਾਦੀ ਲਾਲ ਖ਼ਿਲਾਫ਼ ਪੁਲੀਸ ਕੋਲ ਨਕਲੀ ਕੀਟਨਾਸ਼ਕ ਦਵਾਈ ਵੇਚਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਬੁਰਜ ਮਹਿਮਾ ਵਿੱਚ 12 ਏਕੜ ਜ਼ਮੀਨ ਪ੍ਰਤੀ ਏਕੜ 64 ਹਜ਼ਾਰ ਰੁਪਏ ਠੇਕੇ ’ਤੇ ਲੈ ਕੇ ਝੋਨੇ ਦੀ ਫ਼ਸਲ ਲਾਈ ਸੀ। ਉਸ ਨੇ ਫ਼ਸਲ ’ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਲਈ ਗੋਨਿਆਣਾ ਮੰਡੀ ਦੇ ਆੜ੍ਹਤੀਆ ਸ਼ਾਦੀ ਲਾਲ ਤੋਂ ਦਵਾਈ ਖਰੀਦੀ ਸੀ, ਪਰ ਛਿੜਕਾਅ ਕਰਨ ਦੇ 3-4 ਦਿਨਾਂ ਬਾਅਦ ਹੀ ਫ਼ਸਲ ਸੁੱਕਣੀ ਸ਼ੁਰੂ ਹੋ ਗਈ। ਗੁਰਪ੍ਰੀਤ ਨੇ ਇਸ ਸਬੰਧੀ ਆੜ੍ਹਤੀਏ ਨੂੰ ਸੂਚਿਤ ਵੀ ਕੀਤਾ ਤੇ ਆੜ੍ਹਤੀਏ ਨੇ ਕੰਪਨੀ ਵਾਲਿਆਂ ਨੂੰ ਮੌਕਾ ਵੀ ਦਿਖਾਇਆ। ਪਰ ਹੁਣ ਉਕਤ ਆੜ੍ਹਤੀਆ ਵੇਚੀ ਗਈ ਨਕਲੀ ਕੀਟਨਾਸ਼ਕ ਦਵਾਈ ਤੋਂ ਮੁਕਰ ਰਿਹਾ ਹੈ। ਗੁਰਪ੍ਰੀਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਨੁਕਸਾਨੀ ਫ਼ਸਲ ਦੀ ਭਰਪਾਈ ਨਾ ਕੀਤੀ ਗਈ ਤਾਂ ਉਹ ਉਕਤ ਫਰਮ ਸਾਹਮਣੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਉਧਰ ਭਾਕਿਯੂ ਏਕਤਾ ਸਿੱਧੂਪੁਰ ਦੀ ਪਿੰਡ ਇਕਾਈ ਦੇ ਪ੍ਰਧਾਨ ਰਾਮ ਸਿੰਘ ਬਰਾੜ ਤੇ ਭਾਕਿਯੂ ਉਗਰਾਹਾਂ ਦੇ ਇਕਾਈ ਪ੍ਰਧਾਨ ਨੇ ਕਿਹਾ ਕਿ ਜੇ ਪੀੜਤ ਕਿਸਾਨ ਦੇ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਫਰਮ ਖ਼ਿਲਾਫ਼ ਧਰਨਾ ਲਾਇਆ ਜਾਵੇਗਾ।
ਇਸ ਸਬੰਧੀ ਆੜ੍ਹਤੀਏ ਸ਼ਾਦੀ ਲਾਲ ਨੇ ਕਿਹਾ ਕਿ ਉਕਤ ਕਿਸਾਨ ਨੇ ਉਨ੍ਹਾਂ ਦੀ ਆੜ੍ਹਤ ਦੇ ਪੈਸੇ ਦੇਣੇ ਹਨ। ਉਸ ਵੱਲੋਂ ਕੋਈ ਦਵਾਈ ਨਹੀਂ ਵੇਚੀ ਗਈ ਹੈ ਤੇ ਉਸ ’ਤੇ ਲੱਗੇ ਦੋਸ਼ ਬੇਬੁਨਿਆਦ ਹਨ। ਪੁਲੀਸ ਚੌਕੀ ਕਿਲੀ ਨਿਹਾਲ ਸਿੰਘ ਦੇ ਇੰਚਾਰਜ ਗੋਰਾ ਸਿੰਘ ਨੇ ਆੜ੍ਹਤੀਏ ਖ਼ਿਲਾਫ਼ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉੱਧਰ ਖੇਤੀਬਾੜੀ ਵਿਭਾਗ ਦੇ ਚੀਫ਼ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਕਿਸਾਨ ਨੂੰ ਇਨਸਾਫ਼ ਦਿਵਾਇਆ ਜਾਵੇਗਾ।