ਦਰਸ਼ਨ ਸਿੰਘ ਸੋਢੀ
ਮੁਹਾਲੀ, 17 ਸਤੰਬਰ
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਇਸ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਧਾਲੀਵਾਲ ਅੱਜ ਇੱਥੇ ਪੰਜਾਬ ਮੰਡੀ ਬੋਰਡ ਭਵਨ ’ਚ ਵੱਖ-ਵੱਖ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਸਕੱਤਰਾਂ ਨਾਲ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਮੰਡੀ ਬੋਰਡ ਵੱਲੋਂ ਨਿਰਵਿਘਨ ਖਰੀਦ ਲਈ ਕੀਤੀਆਂ ਅਗਾਊਂ ਤਿਆਰੀਆਂ ਦਾ ਜਾਇਜ਼ਾ ਲਿਆ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਦੇ ਨਾਲ-ਨਾਲ ਅਨਾਜ ਮੰਡੀਆਂ ’ਚ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਾਣਕਾਰੀ ਅਨੁਸਾਰ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਅਨਾਜ ਮੰਡੀਆਂ ਵਿੱਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਵੀ ਹਦਾਇਤਾਂ ਕੀਤੀਆਂ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦੀ ਸਹੂਲਤ ਲਈ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਲਾਈਟਾਂ ਤੇ ਪਖਾਨੇ ਜਿਹੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸੂਬੇ ਭਰ ਦੇ ਸਾਰੇ 1806 ਖਰੀਦ ਕੇਂਦਰਾਂ ਵਿੱਚ ਪੁਖ਼ਤਾ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਖੇਤੀਬਾੜੀ ਮੰਤਰੀ ਨੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸਕੱਤਰ ਮੰਡੀ ਬੋਰਡ ਰਵੀ ਭਗਤ ਨੂੰ ਝੋਨੇ ਦੇ ਇਸ ਸੀਜ਼ਨ ’ਚ ਖਰੀਦ ਦੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰਾਂ ਦੇ ਸੰਪਰਕ ਵਿੱਚ ਰਹਿਣ ਲਈ ਆਖਿਆ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਮਾਰਕੀਟ ਕਮੇਟੀਆਂ ਰਾਹੀਂ ਝੋਨੇ ਦੀ ਖਰੀਦ ਲਈ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਫੀਲਡ ਸਟਾਫ ਵੀ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਸਿਰੇ ਚੜਾਉਣ ਲਈ ਆਪਣੀਆਂ ਡਿਊਟੀਆਂ ਨਿਭਾਏਗਾ।
ਕੁੱਕੜਾਂਵਾਲਾ ਦੀ ਅਨਾਜ ਮੰਡੀ ਵਿੱਚ ਖਰੀਦ ਸ਼ੁਰੂ
ਚੇਤਨਪੁਰਾ (ਪੱਤਰ ਪ੍ਰੇਰਕ): ਕਸਬਾ ਕੁੱਕੜਾਂਵਾਲਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਖਰੀਦ ਸ਼ੁਰੂ ਕਰਨ ਤੋਂ ਪਹਿਲਾਂ ਆੜ੍ਹਤੀ ਯੂਨੀਅਨ ਹਰਸ਼ਾ ਛੀਨਾ ਤੇ ਸਮੂਹ ਕਿਸਾਨਾਂ-ਮਜ਼ਦੂਰਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮਗਰੋਂ ਮੁੱਖ ਮਹਿਮਾਨ ਵਜੋਂ ਪੁੱਜੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਝੋਨੇ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਣ ਲਈ ਵਚਨਬੱਧ ਹੈ। ਇਹ ਝੋਨਾ ਸ਼ੈੱਲਰ ਵਾਲਿਆਂ ਨੇ ਖਰੀਦਿਆ ਹੈ।
ਬਨੂੜ ਦੀ ਅਨਾਜ ਮੰਡੀ ਵਿੱਚ ਝੋਨੇ ਦੇ ਢੇਰ ਲੱਗਣੇ ਸ਼ੁਰੂ
ਕਰਮਜੀਤ ਸਿੰਘ ਚਿੱਲਾ
ਬਨੂੜ, 17 ਸਤੰਬਰ
ਬਨੂੜ ਮੰਡੀ ਵਿੱਚ ਝੋਨੇ ਦੀ ਆਮਦ ਵਧਣੀ ਸ਼ੁਰੂ ਹੋ ਗਈ ਹੈ। ਮੰਡੀ ਵਿੱਚ ਪਿਛਲੇ ਦੋ ਦਿਨਾਂ ਵਿੱਚ 200 ਕੁਇੰਟਲ ਤੋਂ ਵੱਧ ਝੋਨਾ ਆ ਚੁੱਕਿਆ ਹੈ। ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਕਰਕੇ ਕਿਸਾਨ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਬੈਠੇ ਹਨ। ਇਸ ਮੰਡੀ ਵਿਚ ਝੋਨੇ ਦੀ ਪ੍ਰਾਈਵੇਟ ਖਰੀਦ ਵੀ ਨਹੀਂ ਹੋ ਰਹੀ ਹੈ। ਅਗਲੇ ਦਿਨਾਂ ਦੌਰਾਨ ਮੰਡੀ ਵਿੱਚ ਝੋਨੇ ਦੀ ਆਮਦ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਬਨੂੜ ਖੇਤਰ ਵਿੱਚ ਵੱਡੀ ਪੱਧਰ ’ਤੇ ਆਲੂ ਦੀ ਪੈਦਾਵਾਰ ਹੁੰਦੀ ਹੈ ਤੇ ਝੋਨੇ ਵਾਲੇ ਖੇਤਾਂ ਵਿੱਚ ਸਮੇਂ-ਸਿਰ ਆਲੂ ਦੀ ਬਿਜਾਈ ਕਰਨ ਲਈ ਜ਼ਿਆਦਾਤਰ ਕਿਸਾਨ ਘੱਟ ਸਮੇਂ ਵਿੱਚ ਪੱਕਣ ਵਾਲੇ ਝੋਨੇ ਦੀਆਂ ਕਿਸਮਾਂ ਲਾਉਂਦੇ ਹਨ। ਹੁਣ ਸਮੁੱਚੇ ਖੇਤਰ ਵਿੱਚ ਵੱਡੀ ਪੱਧਰ ਉੱਤੇ ਝੋਨਾ ਪੱਕਿਆ ਖੜ੍ਹਾ ਹੈ। ਬਨੂੜ ਮੰਡੀ ਵਿੱਚ ਪਿੰਡ ਕਰਾਲੀ, ਖਿਜ਼ਰਗੜ੍ਹ ਆਦਿ ਦੇ ਕਿਸਾਨ ਝੋਨਾ ਲੈ ਕੇ ਪਹੁੰਚ ਚੁੱਕੇ ਹਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਪੀਆਰ-126 ਕਿਸਮ ਦਾ ਝੋਨਾ ਲਗਾਇਆ ਸੀ, ਜੋ ਪੂਰੀ ਤਰਾਂ ਪੱਕ ਚੁੱਕਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪੱਕੇ ਹੋਏ ਝੋਨੇ ਦੀ ਕਟਾਈ ਵੇਲੇ ਸਿਰ ਨਾ ਕਰਾਉਣ ਦੀ ਸੂਰਤ ਵਿੱਚ ਝੋਨਾ ਡਿੱਗ ਜਾਂਦਾ ਹੈ ਤੇ ਦਾਣੇ ਵੀ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਇਸ ਮੌਕੇ ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਜਾਗੀਰ ਸਿੰਘ ਹੰਸਾਲਾ, ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਤਰਲੋਚਨ ਸਿੰਘ ਨੰਡਿਆਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਨੂੜ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ 20 ਸਤੰਬਰ ਤੋਂ ਆਰੰਭ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਲੂ ਉਤਪਾਦਨ ਵਾਲਾ ਖੇਤਰ ਹੋਣ ਕਾਰਨ ਇੱਥੇ ਝੋਨਾ 15 ਸਤੰਬਰ ਤੋਂ ਬਾਅਦ ਮੰਡੀ ਵਿੱਚ ਆ ਜਾਂਦਾ ਹੈ ਤੇ ਕਿਸਾਨਾਂ ਨੂੰ ਸਰਕਾਰੀ ਖਰੀਦ ਲੇਟ ਸ਼ੁਰੂ ਹੋਣ ਕਾਰਨ ਦੋ ਹਫ਼ਤੇ ਮੰਡੀ ਵਿੱਚ ਬੈਠਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਸਮੱਸਿਆ ਹੱਲ ਕਰਨ ਲਈ ਬਨੂੜ ਮੰਡੀ ਵਿੱਚ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕਰਾਉਣੀ ਚਾਹੀਦੀ ਹੈ।
ਮਾਰਕੀਟ ਕਮੇਟੀ ਨੇ ਝੋਨੇ ਦੀ ਭਰਤੀ ਨਾ ਕਰਨ ਲਈ ਕੱਢੀ ਚਿੱਠੀ
ਉੱਧਰ ਮਾਰਕੀਟ ਕਮੇਟੀ ਬਨੂੜ ਨੇ ਮੰਡੀ ਦੇ ਆੜ੍ਹਤੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਸਰਕਾਰੀ ਖਰੀਦ ਸ਼ੁਰੂ ਹੋਣ ਤੱਕ ਮੰਡੀ ਵਿੱਚ ਝੋਨੇ ਦੀ ਕੱਚੀ ਭਰਤੀ ਕਰਨ ’ਤੇ ਰੋਕ ਲਗਾ ਦਿੱਤੀ ਹੈ। ਕਮੇਟੀ ਦੇ ਸਕੱਤਰ ਵੱਲੋਂ ਕੱਢੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਤੇ ਉਦੋਂ ਤੱਕ ਝੋਨੇ ਦੀ ਕੋਈ ਭਰਤੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਸਬੰਧੀ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਦਾ ਪੱਖ ਜਾਣਨ ਲਈ ਫੋਨ ਕੀਤਾ ਗਿਆ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਕਮੇਟੀ ਦੇ ਲੇਖਾਕਾਰ ਗੁਰਮੀਤ ਸਿੰਘ ਨੇ ਪੱਤਰ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋਵੇਗੀ।