ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਮਾਨਸਾ, 10 ਜੂਨ
ਪੰਜਾਬ ਵਿਚ ਭਲਕੇ 11 ਜੂਨ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਵੇਗਾ ਜੋ ਪਿਛਲੇ ਵਰ੍ਹੇ ਨਾਲੋਂ ਇੱਕ ਹਫ਼ਤਾ ਪਹਿਲਾਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਦਾ ਅਮਲ 15 ਮਈ ਤੋਂ 31 ਮਈ ਤੱਕ ਚੱਲਿਆ ਹੈ। ਐਤਕੀਂ ਸਮੁੱਚੇ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡ ਕੇ ਝੋਨੇ ਦੀ ਲੁਆਈ ਹੋਣੀ ਹੈ ਅਤੇ ਭਲਕੇ ਮਾਲਵਾ ਖ਼ਿੱਤੇ ਦੇ ਛੇ ਜ਼ਿਲ੍ਹਿਆਂ ਵਿਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਉਂਜ, ਮਾਨਸਾ ਜ਼ਿਲ੍ਹੇ ਵਿਚ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ। ਇੱਥੇ ਪਿਛਲੇ ਸਾਲ 16 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਈ ਸੀ।
ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਮੁਕਤਸਰ ਸਾਹਿਬ, ਫ਼ਰੀਦਕੋਟ, ਮਾਨਸਾ, ਬਠਿੰਡਾ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਤੋਂ ਇਲਾਵਾ ਕੌਮਾਂਤਰੀ ਸਰਹੱਦਾਂ ਦੀ ਕੰਡਿਆਲੀ ਤਾਰ ਤੋਂ ਪਾਰ ਲਈ ਝੋਨੇ ਦੀ ਲੁਆਈ ਭਲਕੇ ਸ਼ੁਰੂ ਹੋਵੇਗੀ। ਪਾਵਰਕੌਮ ਵੱਲੋਂ ਭਲਕ ਤੋਂ ਇਨ੍ਹਾਂ ਜ਼ਿਲ੍ਹਿਆਂ ਨੂੰ ਖੇਤੀ ਸੈਕਟਰ ਵਾਸਤੇ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਜਦੋਂ ਕਿ ਪਹਿਲਾਂ ਹੀ ਸਮੁੱਚੇ ਪੰਜਾਬ ਨੂੰ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਸੀ। ਮਾਲਵਾ ਖ਼ਿੱਤੇ ਦੇ ਕਰੀਬ 300 ਬਿਜਲੀ ਗਰਿੱਡਾਂ ਤੋਂ ਖੇਤੀ ਸੈਕਟਰ ਲਈ ਭਲਕੇ ਬਿਜਲੀ ਸਪਲਾਈ ਸ਼ੁਰੂ ਹੋਵੇਗੀ।
ਪਾਵਰਕੌਮ ਲਈ ਝੋਨੇ ਦਾ ਇਹ ਸੀਜ਼ਨ ਪਰਖ ਦੀ ਘੜੀ ਹੋਵੇਗਾ। ਮੌਜੂਦਾ ਸਮੇਂ ਪੰਜਾਬ ਵਿਚ ਬਿਜਲੀ ਦੀ ਮੰਗ 12,500 ਮੈਗਾਵਾਟ ਚੱਲ ਰਹੀ ਹੈ ਅਤੇ ਭਲਕੇ ਅੱਠ ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਵਿਚ ਇੱਕ ਹਜ਼ਾਰ ਤੋਂ 1300 ਮੈਗਾਵਾਟ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿਚ ਰੋਜ਼ਾਨਾ ਅੱਠ ਘੰਟੇ ਤੋਂ ਜ਼ਿਆਦਾ ਬਿਜਲੀ ਮਿਲ ਸਕਦੀ ਹੈ।
ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਬਣਾਂਵਾਲਾ ਸਥਿਤ ਤਾਪਘਰ ਅਤੇ ਸਰਕਾਰੀ ਖੇਤਰ ਹੇਠਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਚਲਾਉਣ ਲਈ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ। ਪਿੰਡਾਂ ’ਚੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਇਸ ਵਾਰ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ ਵਧਿਆ ਹੈ ਪਰ ਹਾਲੇ ਵੀ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸਥਾਨਕ ਪੰਜਾਬੀ ਮਜ਼ਦੂਰਾਂ ਅਤੇ ਪਰਵਾਸੀ ਮਜ਼ਦੂਰਾਂ ਰਾਹੀਂ ਝੋਨੇ ਦੀ ਲੁਆਈ ਸ਼ੁਰੂ ਕਰਵਾਈ ਜਾਵੇਗੀ। ਇਸੇ ਦੌਰਾਨ ਮਾਲਵਾ ਖੇਤਰ ਵਿੱਚ ਝੋਨੇ ਦੀ ਲੁਆਈ ਨੂੰ ਲੈ ਕੇ ਵੱਡੀ ਪੱਧਰ ’ਤੇ ਪਰਵਾਸੀ ਮਜ਼ਦੂਰ ਮਾਨਸਾ-ਬਠਿੰਡਾ ਦੇ ਰੇਲਵੇ ਸਟੇਸ਼ਨਾਂ ’ਤੇ ਰਾਤ ਨੂੰ ਆਉਂਦੀਆਂ ਰੇਲ ਗੱਡੀਆਂ ਪੰਜਾਬ ਮੇਲ, ਆਭਾ ਐਕਸਪ੍ਰੈਕਸ ਰਾਹੀਂ ਉਤਰੇ ਹਨ। ਇਨ੍ਹਾਂ ਮਜ਼ਦੂਰਾਂ ਨੂੰ ਸਵੇਰੇ ਹੀ ਕਿਸਾਨ ਆਪਣੇ ਪਿੰਡਾਂ ਵੱਲ ਲੈ ਗਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਹੱਥੀਂ ਝੋਨਾ ਲਾਉਣ ਵਾਲੀ ਲੇਬਰ ਦੀ ਕੋਈ ਘਾਟ ਨਹੀਂ ਹੈ ਅਤੇ ਅਗਲੇ ਦਿਨਾਂ ਵਿੱਚ ਜਦੋਂ ਲੁਆਈ ਜ਼ੋਰ ਫੜੇਗੀ ਤਾਂ ਹੋਰ ਪਰਵਾਸੀ ਮਜ਼ਦੂਰਾਂ ਦੇ ਪੁੱਜਣ ਦੀ ਉਮੀਦ ਹੈ।
ਪੰਜਾਬ ਰਾਜ ਪਾਵਰਕੌਮ ਦੇ ਆਦੇਸ਼ਾਂ ’ਤੇ ਬਣਾਂਵਾਲਾ ਤਾਪਘਰ ਨੇ ਵੱਧ ਬਿਜਲੀ ਪੈਦਾ ਕਰਨ ਲਈ ਮੁੱਢਲੇ ਪ੍ਰਬੰਧ ਪੂਰੇ ਕਰ ਲਏ ਹਨ। ਇਹ ਤਾਪਘਰ 1980 ਮੈਗਾਵਾਟ ਦੀ ਸਮਰੱਥਾ ਰੱਖਦਾ ਹੈ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ 1980 ਮੈਗਾਵਾਟ ਵਾਲੇ ਇਸ ਤਾਪਘਰ ਵੱਲੋਂ ਇਸ ਵੇਲੇ ਇਸ ਦੇ ਨੇੜ-ਤੇੜੇ ਹੀ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਟੀਐਸਪੀਅਲ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਪਲਾਂਟ ਦੇ ਤਿੰਨੇ ਯੂਨਿਟ ਬੜੀ ਵਧੀਆ ਪੁਜੀਸ਼ਨ ਵਿਚ ਕੰਮ ਕਰ ਰਹੇ ਹਨ ਅਤੇ ਕੋਲੇ ਦੀ ਘਾਟ ਸਮੇਤ ਕਈ ਹੋਰ ਸਮੱਸਿਆਵਾਂ ਨਾਲ ਜੂਝਣ ਦੇ ਬਾਵਜੂਦ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਮੁੱਖ ਮੰਤਰੀ ਨੇ ਮੀਟਿੰਗ ਸੱਦੀ
ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਭਲਕੇ ਬਿਜਲੀ ਵਿਭਾਗ ਦੀ ਅਹਿਮ ਮੀਟਿੰਗ ਸੱਦੀ ਹੈ ਜਿਸ ਵਿਚ ਬਿਜਲੀ ਪਾਣੀ ਦੀ ਸਪਲਾਈ ਬਾਰੇ ਚਰਚਾ ਹੋਣੀ ਹੈ। ਬਿਜਲੀ ਮਹਿਕਮੇ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦਾ ਜਾਇਜ਼ਾ ਲੈਣ ਲਈ ਖ਼ੁਦ ਵੀ ਫ਼ੀਲਡ ਵਿਚ ਜਾਣ ਦੀ ਤਿਆਰੀ ਖਿੱਚ ਰਹੇ ਹਨ।