ਪੱਤਰ ਪ੍ਰੇਰਕ
ਟੱਲੇਵਾਲ, 16 ਫਰਵਰੀ
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੁਣਵਾਈ ਨਾ ਹੋਣ ਤੋਂ ਦੁਖੀ ਪੱਖੋਕੇ ਦੇ ਮਜ਼ਦੂਰ ਮੱਖਣ ਸਿੰਘ ਨੇ ਅੱਜ ਖੁਦਕੁਸ਼ੀ ਕਰ ਲਈ। ਉਹ ਅੰਗਹੀਣ ਸੀ ਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ। ਉਸ ਨੇ ਬੀਤੀ ਰਾਤ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਕਿਸੇ ਵਾਹਨ ਥੱਲੇ ਆ ਕੇ ਜਾਨ ਦੇ ਦਿੱਤੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ’ਚ ਇੱਕ ਆਡੀਓ ਰਿਕਾਰਡ ਕੀਤੀ, ਜਿਸ ਵਿੱਚ ਉਹ ਕਿਸਾਨਾਂ ਦੀ ਸੁਣਵਾਈ ਨਾ ਹੋਣ ਨੂੰ ਖੁਦਕੁਸ਼ੀ ਦਾ ਕਾਰਨ ਦੱਸ ਰਿਹਾ ਹੈ। ਉਸ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਉਹ ਪਤਨੀ, ਇੱਕ ਲੜਕੇ ਅਤੇ ਲੜਕੀ ਦਾ ਇਕਲੌਤਾ ਸਹਾਰਾ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।