ਪੱਤਰ ਪ੍ਰੇਰਕ
ਚੰਡੀਗੜ੍ਹ, 17 ਮਈ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਸਿੱਖ ਭਰਾਵਾਂ ਕੰਵਲਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਇਸਲਾਮਕ ਸਟੇਟ ਦੇ ਅਤਿਵਾਦੀਆਂ ਵੱਲੋਂ ਕਤਲ ਕੀਤੇ ਜਾਣ ਦੀ ਪੰਜਾਬ ਸੀਪੀਆਈ ਨੇ ਨਿਖੇਧੀ ਕਰਦਿਆਂ ਆਖਿਆ ਕਿ ਇਸ ਪ੍ਰਾਂਤ ਵਿੱਚ ਪਹਿਲਾਂ ਵੀ ਅਤਿਵਾਦੀਆਂ ਵੱਲੋਂ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਗਏ ਹਨ। ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਦੀ ਵਰਤਮਾਨ ਸਰਕਾਰ ਨਾਲ ਗੱਲਬਾਤ ਕਰਕੇ ਉਥੇ ਘੱਟ ਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਨੂੰ ਖ਼ਤਮ ਕਰਵਾਏ ਅਤੇ ਅਤਿਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸਿਆਸੀ ਦਬਾਅ ਪਾਵੇ। ਪਾਰਟੀ ਨੇ ਪਾਕਿਸਤਾਨ ਵਿੱਚ ਇਨ੍ਹਾਂ ਕਤਲਾਂ ਖ਼ਿਲਾਫ਼ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਸਾਂਝੀਆਂ ਰੋਸ ਰੈਲੀਆਂ ਕਰਨ ਦੀ ਵੀ ਸ਼ਲਾਘਾ ਕੀਤੀ ਹੈ। ਪਾਰਟੀ ਦੇ ਸਕੱਤਰ ਬੰਤ ਬਰਾੜ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੋਵੇਂ ਦੇਸ਼ਾਂ ’ਚ ਫਿਰਕੂ ਮਾਹੌਲ ਪੈਦਾ ਹੋਣ ਕਰਕੇ ਘੱਟ-ਗਿਣਤੀਆਂ ’ਤੇ ਅੱਤਿਆਚਾਰ ਕਰਨ ਵਾਲੀਆਂ ਫਿਰਕੂ ਸ਼ਕਤੀਆਂ ਵਧੇਰੇ ਸਰਗਰਮ ਹੋ ਸਕਦੀਆਂ ਹਨ।