ਡਾ. ਰਜਿੰਦਰ ਸਿੰਘ
ਡੇਰਾ ਬਾਬਾ ਨਾਨਕ, 6 ਸਤੰਬਰ
ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਕੇ ਪਰਤੇ ਬਜ਼ੁਰਗ ਦਾਦੀ ਤੇ ਪੋਤੇ ਕੋਲੋਂ ਬੀਐੱਸਐੱਫ ਵੱਲੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਹੈ। ਡੇਰਾ ਬਾਬਾ ਨਾਨਕ ਦੇ ਡੀਐੱਸਪੀ ਸਰਵਜੀਤ ਸਿੰਘ ਨੇ ਦੱਸਿਆ ਹੈ ਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ’ਤੇ ਤਾਇਨਾਤ ਬੀਐੱਸਐੱਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂ ਦੀ ਪੈਸੰਜਰ ਟਰਮੀਨਲ ਵਿਖੇ ਕੀਤੀ ਚੈਕਿੰਗ ਦੌਰਾਨ ਉਨ੍ਹਾਂ ਕੋਲੋਂ ਲੱਖ ਰੁਪਏ ਦੀ ਪਾਕਿਸਤਾਨ ਦੀ ਕਰੰਸੀ ਬਰਾਮਦ ਹੋਈ। ਇਸ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਵ੍ਹੀਲਚੇਅਰ ’ਤੇ ਲਿਆਂਦੀ ਜਾ ਰਹੀ ਬਜ਼ੁਰਗ ਮਹਿਲਾ ਸ਼ਰਧਾਲੂ ਦੀ ਜਾਂਚ ਕੀਤੀ ਤਾਂ ਉਸ ਵੱਲੋਂ ਵੀ ਛੁਪਾ ਕੇ ਰੱਖੀ 2 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਜ਼ਬਤ ਕੀਤੀ ਗਈ। ਫਿਲਹਾਲ ਇਨ੍ਹਾਂ ਨੂੰ ਡੇਰਾ ਬਾਬਾ ਨਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਬਜ਼ੁਰਗ ਮਹਿਲਾ ਦੀਨਾਨਗਰ ਵਾਸੀ ਹੈ। ਡੀਐੱਸਪੀ ਨੇ ਦੱਸਿਆ ਹੈ ਕਿ ਫਿਲਹਾਲ ਕੋਈ ਮਾਮਲਾ ਤਾਂ ਦਰਜ ਨਹੀਂ ਕੀਤਾ ਗਿਆ। ਮਾਤਾ ਨੇ ਦੱਸਿਆ ਹੈ ਉਸ ਦਾ ਭਰਾ ਪਾਕਿਸਤਾਨ ’ਚ ਰਹਿੰਦਾ ਹੈ ਅਤੇ ਇਹ ਪੈਸੇ ਉਸ ਵਲੋਂ ਹੀ ਦਿੱਤੇ ਗਨ ਹਨ| ਉਨ੍ਹਾਂ ਕਿਹਾ ਕਿ ਮਾਤਾ ਦੇ ਮੁਤਾਬਿਕ ਉਹ ਦੂਸਰੀ ਵਾਰ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਈ ਹੈ|