ਦਿਲਬਾਗ ਸਿੰਘ ਗਿੱਲ
ਅਟਾਰੀ, 26 ਮਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐੈੱਸਐਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਭਰੋਭਾਲ ਨੇੜੇ ਗਸ਼ਤ ਦੌਰਾਨ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚ ਡਰੋਨ ਦੀ ਆਵਾਜ਼ ਸੁਣੀ, ਜੋ ਪਾਕਿਸਤਾਨ ਵਾਲੇ ਪਾਸਿਉਂ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਸੀ। ਸਰਹੱਦ ’ਤੇ ਗਸ਼ਤ ਕਰ ਰਹੀ ਪਾਰਟੀ ਦੇ ਜਵਾਨਾਂ ਨੇ ਚੌਕਸੀ ਵਰਤਦਿਆਂ ਪਾਕਿਸਤਾਨੀ ਡਰੋਨ ਵੱਲ ਛੇ ਗੋਲੀਆਂ ਦਾਗੀਆਂ। ਇਸ ਮਗਰੋਂ ਜਦੋਂ ਜਵਾਨਾਂ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਆਸਪਾਸ ਇਲਾਕੇ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਹੈਰੋਇਨ ਦੇ 2 ਪੈਕਟ ਬਰਾਮਦ ਕੀਤੇ। ਸਰਹੱਦੀ ਖੇਤਰ ’ਚੋਂ ਬਰਾਮਦ ਹੋਈ ਹੈਰੋਇਨ ਦੇ ਪੈਕਟਾਂ ’ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ, ਜੋ ਪਾਕਿਸਤਾਨੀ ਡਰੋਨ ਵੱਲੋਂ ਸੁਟੀ ਗਈ ਸੀ।