ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਗੇਟ ਅੱਗੇ ਕਰੀਬ ਤਿੰਨ ਕਿਲੋਮੀਟਰ ਤੱਕ ਸ਼ਹਿਰ ਦੀ ਸੰਗਰੂਰ-ਪਟਿਆਲਾ ਬਾਈਪਾਸ ਸੜਕ ਦਾ ਆਲਾ-ਦੁਆਲਾ ਦਿੱਲੀ ਦੇ ਟਿਕਰੀ ਬਾਰਡਰ ਵਾਂਗ ਕਿਸਾਨ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ। ਸੜਕ ਦੇ ਦੋਵੇਂ ਪਾਸੇ ਕਿਸਾਨ ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਅਤੇ ਤੰਬੂ ਲਾ ਕੇ ਰੈਣ-ਬਸੇਰੇ ਬਣਾ ਕੇ ਬੈਠੇ ਹੋਏ ਹਨ। ਅੱਜ ਪੱਕੇ ਮੋਰਚੇ ਦੇ ਛੇਵੇਂ ਦਿਨ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆਂ ਹਾਕਮਾਂ ਨੂੰ ਹਲੂਣਿਆ ਅਤੇ ਬੁਲਾਰਿਆਂ ਨੇ ਭਲਕੇ 15 ਅਕਤੂਬਰ ਨੂੰ ਲਲਕਾਰ ਦਿਵਸ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਅੱਜ ਪੱਕੇ ਮੋਰਚੇ ਦੀ ਸਟੇਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾਈ ਆਗੂਆਂ ਨੇ ਪੰਜਾਬ ਸਰਕਾਰ ਦੇ ਬੁਲਾਰਿਆਂ ਵੱਲੋਂ ਬਿਨਾ ਵਜ੍ਹਾ ਪੱਕਾ ਮੋਰਚਾ ਲਗਾਉਣ ਸਬੰਧੀ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਆਦਿਵਾਸੀਆਂ ਦੇ ਉਜਾੜੇ ਅਤੇ ਜਬਰ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਉਘੇ ਗਾਂਧੀਵਾਦੀ ਆਗੂ ਤੇ ਕੌਮੀ ਪੱਧਰ ’ਤੇ ਬੁੱਧੀਜੀਵੀ ਹਿਮਾਂਸ਼ੂ ਕੁਮਾਰ ਨੇ ਕੇਂਦਰ ਤੇ ਪੰਜਾਬ ਦੇ ਹਾਕਮਾਂ ਨੂੰ ਸਾਮਰਾਜੀ ਕਾਰਪੋਰੇਟਾਂ ਦੇ ਝੋਲੀ ਚੁੱਕ ਦੱਸਦਿਆਂ ਕਿਸਾਨ-ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਹਾਕਮਾਂ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਲਾਮਬੰਦ ਹੋਣ ਦਾ ਸੱਦਾ ਦਿੱਤਾ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰੀਸ ਨਾਲ ਮਾਲਵਿੰਦਰ ਸਿੰਘ ਕੰਗ ਅਤੇ ਹਰਜੋਤ ਸਿੰਘ ਬੈਂਸ ਵਰਗੇ ਆਗੂ ਵੀ ਕਿਸਾਨਾਂ ਵਲੋਂ ਬਿਨਾਂ ਕਾਰਨ ਮੋਰਚਾ ਲਾਉਣ ਦੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ 7 ਅਕਤੂਬਰ ਨੂੰ ਜਥੇਬੰਦੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਹਰ ਹਾਲਤ ਵਿੱਚ ਲਾਗੂ ਕਰਵਾਇਆ ਜਾਵੇਗਾ।