ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਕਤੂਬਰ
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਲਗਾਇਆ ਪੱਕਾ ਮੋਰਚਾ ਦਿੱਲੀ ਦੇ ਟਿੱਕਰੀ ਬਾਰਡਰ ਦਾ ਭੁਲੇਖਾ ਪਾ ਰਿਹਾ ਹੈ। ਅੱਜ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੱਤ ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਐਲਾਨ ਕੀਤਾ ਕਿ 15 ਅਕਤੂਬਰ ਨੂੰ ਪੱਕੇ ਮੋਰਚੇ ਦੇ ਸਥਾਨ ’ਤੇ ‘ਲਲਕਾਰ ਦਿਵਸ’ ਮਨਾਇਆ ਜਾਵੇਗਾ। ਕਰੀਬ ਤਿੰਨ ਕਿਲੋਮੀਟਰ ਲੰਮੇ ਪੱਕੇ ਮੋਰਚੇ ਕਾਰਨ ਮਿਲਕ ਪਲਾਂਟ ਤੋਂ ਲੈ ਕੇ ਨੈਸ਼ਨਲ ਹਾਈਵੇਅ ਦੇ ਪਟਿਆਲਾ ਬਾਈਪਾਸ ਓਵਰਬ੍ਰਿਜ ਤੱਕ ਟਰੈਕਟਰ-ਟਰਾਲੀਆਂ ਦਾ ਕਤਾਰਾਂ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਸ਼ਹਿਰ ਦੀ ਸੰਗਰੂਰ-ਪਟਿਆਲਾ ਬਾਈਪਾਸ ਸੜਕ ਉੱਪਰ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੈ। ਕਿਸਾਨਾਂ ਨੇ ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਰੈਣ ਬਸੇਰਾ ਬਣਾਉਣ ਸਣੇ ਸੜਕ ਕਿਨਾਰੇ ਤੰਬੂ ਵੀ ਲਗਾ ਲਏ ਹਨ। ਸੰਘਰਸ਼ੀਆਂ ਲਈ ਕਿਸਾਨ ਲੰਗਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਮੋਰਚੇ ਵਿੱਚ ਮੁਕੰਮਲ ਏਕਤਾ, ਆਪਸੀ ਸਾਂਝ ਅਤੇ ਅਨੁਸਾਸ਼ਨ ਕਾਇਮ ਹੈ। ਕਿਸਾਨ ਬੀਬੀਆਂ ਦੀ ਵੱਡੀ ਸ਼ਮੂਲੀਅਤ ਪੱਕੇ ਮੋਰਚੇ ਦੀ ਮਜ਼ਬੂਤੀ ਲਈ ਅਹਿਮ ਯੋਗਦਾਨ ਪਾ ਰਹੀ ਹੈ।
ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਤਿੰਨ ਦਿਨ ਤੋਂ ਬੇਮਿਆਦੀ ਪੱਕੇ ਮੋਰਚੇ ’ਤੇ ਪੰਜਾਬ ਦੇ ਹਜ਼ਾਰਾਂ ਕਿਸਾਨ ਡਟੇ ਹੋਏ ਹਨ ਪਰ ਸਰਕਾਰ ਵਲੋਂ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਜਾਰੀ ਰਹੇਗਾ।
ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਵੱਲੋਂ ਖਣਨ ਕਾਨੂੰਨ ਬਾਰੇ ਕਿਸਾਨਾਂ ਦੀ ਮੰਨੀ ਹੋਈ ਮੰਗ ਲਾਗੂ ਕਰਨ ਤੋਂ ਉਲਟ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਲਵਾਣੂ ਤੇ ਰਾਮਗੜ੍ਹ ਵਿੱਚ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਸਣੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ, ਨਕਲੀ ਕੀਟਨਾਸ਼ਕਾਂ, ਗੜ੍ਹੇਮਾਰੀ, ਮੀਂਹ ਅਤੇ ਵਾਇਰਲ ਰੋਗ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਦੀ ਐੱਮਐੱਸਪੀ ਮਿਥ ਕੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਇੱਕ-ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਹੋਰ ਸਾਰੀਆਂ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।
ਅੱਜ ਧਰਨੇ ਨੂੰ ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਪਿੱਥੋ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਜਨਤਕ ਸਿੰਘ ਭੂਟਾਲ, ਚਮਕੌਰ ਸਿੰਘ ਨੈਣੇਵਾਲ, ਅਮਰੀਕ ਸਿੰਘ ਗੰਢੂਆਂ, ਬਿੱਟੂ ਮੱਲਣ ਮੁਕਤਸਰ, ਬਸੰਤ ਸਿੰਘ ਕੋਠਾਗੁਰੂ ਬਠਿੰਡਾ, ਅਮਰਜੀਤ ਸਿੰਘ ਸੈਦੋਕੇ ਮੋਗਾ, ਜੋਗਿੰਦਰ ਸਿੰਘ ਦਿਆਲਪੁਰਾ ਮਾਨਸਾ, ਗੁਰਪ੍ਰਤਾਪ ਸਿੰਘ ਗੁਰਦਾਸਪੁਰ ਆਦਿ ਨੇ ਵੀ ਸੰਬੋਧਨ ਕੀਤਾ।