ਸਰਬਜੀਤ ਗਿੱਲ
ਫਿਲੌਰ, 17 ਜੁਲਾਈ
ਪਿੰਡ ਪਾਲ ਨੌਂ ਦੇ ਪੰਚ ਨੇ ਪੈਸੇ ਲੈ ਕੇ ਫਰਾਰ ਹੋਏ ਇੱਕ ਪਰਵਾਸੀ ਮਜ਼ਦੂਰ ਦੇ ਪਿੰਡ ਦੇ ਰਹਿਣ ਵਾਲੇ ਇਕ ਹੋਰ ਨਾਬਾਲਗ ਪਰਵਾਸੀ ਮਜ਼ਦੂਰ ਦੀ ਪੁੱਠਾ ਟੰਗ ਕੇ ਕੁੱਟਮਾਰ ਕੀਤੀ ਤੇ ਮਗਰੋਂ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਪੈਸੇ ਵਾਪਸ ਕਰਨ ਲਈ ਧਮਕੀਆਂ ਦਿੱਤੀਆਂ। ਇਸ ਪਰਵਾਸੀ ਮਜ਼ਦੂਰ ਨੂੰ ਦਰੱਖਤ ਨਾਲ ਬੰਨ੍ਹ ਕੇ ਪੁੱਠਾ ਲਟਕਾਉਣ ਦਾ ਮਾਮਲਾ ਉਸ ਵੇਲੇ ਜੱਗ ਜ਼ਾਹਰ ਹੋਇਆ ਜਦੋਂ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਇਸ ਪੰਚ ਨੇ ਨਾਬਾਲਗ ਨੂੰ ਉਲਟਾ ਲਟਕਾ ਕੇ ਬਿਹਾਰ ’ਚ ਉਸ ਦੇ ਪਰਿਵਾਰ ਵਾਲਿਆਂ ਨੂੰ ਵੀਡੀਓ ਕਾਲ ਕੀਤੀ ਤੇ ਉਸ ਦੀ ਕੁੱਟਮਾਰ ਕਰਨ ਦੀ ਤਸਵੀਰ ਵੀ ਦਿਖਾਈ। ਉਸ ਨੇ ਲੜਕੇ ਨੂੰ ਮੌਤ ਦੇ ਘਾਟ ਉਤਾਰਨ ਦੀ ਧਮਕੀ ਦੇ ਕੇ ਉਸ ਦੇ ਮਾਤਾ-ਪਿਤਾ ਤੋਂ 35 ਹਜ਼ਾਰ ਰੁਪਏ ਆਪਣੇ ਖਾਤੇ ’ਚ ਪਵਾਏ ਜਿਸ ਮਗਰੋਂ ਹੀ ਪਰਵਾਸੀ ਮਜ਼ਦੂਰ ਨੂੰ ਹੇਠਾਂ ਉਤਾਰਿਆ ਗਿਆ। ਇਸ ਦੌਰਾਨ ਉਸ ਦੇ ਨੱਕ, ਕੰਨ ਅਤੇ ਅੱਖਾਂ ’ਚੋਂ ਖੂਨ ਲਿਕਲਣਾ ਸ਼ੁਰੂ ਹੋ ਗਿਆ। ਇਹ ਪੰਚ ਮਨਵੀਰ ਇੰਸਟਾਗਰਾਮ ’ਤੇ ਵੀਡੀਓ ਪਾਉਣ ਦਾ ਵੀ ਸ਼ੌਕੀਨ ਹੈ। ਉਸ ਨੇ ਪਰਵਾਸੀ ਮਜ਼ਦੂਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਅਮਰਜੀਤ ਨੂੰ ਪੇਸ਼ਗੀ ਵਜੋਂ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ 35 ਹਜ਼ਾਰ ਰੁਪਏ ਲੈ ਕੇ ਭੱਜ ਗਿਆ ਤੇ ਮਨਵੀਰ ਗੁੱਸੇ ’ਚ ਆਪੇ ਤੋਂ ਬਾਹਰ ਹੋ ਗਿਆ। ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲੇ ਅਮਰਜੀਤ ਦੇ ਪਿੰਡ ਦਾ ਇਕ ਲੜਕਾ ਮਿਥਲੇਸ਼ (17) ਉਸ ਦੇ ਪਿੰਡ ’ਚ ਹੀ ਰਹਿ ਰਿਹਾ ਹੈ। ਮਨਵੀਰ ਉਸ ਨੂੰ ਚੁੱਕ ਕੇ ਨੇੜਲੇ ਪਿੰਡ ਪਾਲਕਦੀਮ ’ਚ ਆਪਣੇ ਪਛਾਣ ਵਾਲੇ ਦੇ ਖੇਤਾਂ ’ਚ ਗਿਆ ਅਤੇ ਉੱਥੇ ਮਿਥਲੇਸ਼ ਦੇ ਦੋਵੇਂ ਪੈਰ ਰੱਸੇ ਨਾਲ ਬੰਨ੍ਹ ਕੇ ਉਸ ਨੂੰ ਦਰੱਖਤ ਨਾਲ ਉਲਟਾ ਲਟਕਾ ਦਿੱਤਾ। ਲੜਕੇ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਮਨਵੀਰ ਨੇ ਉਸ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ 35 ਹਜ਼ਾਰ ਰੁਪਏ ਮਿਲਣ ਦੀ ਖੁਸ਼ੀ ’ਚ ਪਾਰਟੀ ਕੀਤੀ। ਪੁਲੀਸ ਨੇ ਇਸ ਸਬੰਧੀ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਮੁਤਾਬਿਕ ਮਨਵੀਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਰਮਨਦੀਪ ਸਿੰਘ ਹਾਲੇ ਗ੍ਰਿਫਤ ਤੋਂ ਬਾਹਰ ਹੈ।