ਸੰਤੋਖ ਗਿੱਲ
ਗੁਰੂਸਰ ਸੁਧਾਰ, 10 ਜੁਲਾਈ
ਥਾਣਾ ਸਦਰ ਰਾਏਕੋਟ ਦੇ ਪਿੰਡ ਜੌਹਲਾਂ ਦੀ ਪੰਚਾਇਤ, ਕਿਸਾਨ ਜਥੇਬੰਦੀ ਦੇ ਆਗੂਆਂ ਸਮੇਤ ਪਿੰਡ ਦੇ ਮੋਹਤਬਰਾਂ ਵੱਲੋਂ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ‘ਭਾਂਡਾ ਤਿਆਗ’ ਦੇਣ ਦੇ ਹੁਕਮਾਂ ਨੇ ਪਿੰਡ ਦੇ ਅਧਖੜ ਉਮਰ ਦੇ ਜੋੜੇ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ।
ਹਰਿਆਣਾ ਅਤੇ ਯੂਪੀ ਦੀ ਤਰਜ਼ ’ਤੇ ਖਾਪ ਪੰਚਾਇਤਾਂ ਵਾਂਗ ਜਾਰੀ ਕੀਤੇ ਇਸ ਹੁਕਮ ਤੋਂ ਬਾਅਦ 47 ਸਾਲਾ ਗ਼ਰੀਬ ਕਿਸਾਨ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਪਿੰਡ ਦੀ ਕਿਸੇ ਦੁਕਾਨ ਤੋਂ ਰਾਸ਼ਨ ਪਾਣੀ ਅਤੇ ਬਿਮਾਰ ਹੋਣ ’ਤੇ ਡਾਕਟਰੀ ਸਹਾਇਤਾ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਹੈ। ਦੋ ਏਕੜ ਜ਼ਮੀਨ ਉੱਪਰ ਖੇਤੀ ਕਰਨ ਵਾਲੇ ਹਰਜੀਤ ਸਿੰਘ ਦੇ ਪਰਿਵਾਰ ਦੀ ਡੇਅਰੀ ’ਤੇ ਦੁੱਧ ਵੇਚ ਕੇ ਹੋਣ ਵਾਲੀ ਕਮਾਈ ਵੀ ਬੰਦ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਦਾ 24 ਸਾਲਾ ਪੁੱਤਰ ਪਿੰਡ ਦੀ ਹੀ ਇਕ ਵਿਆਹੁਤਾ ਔਰਤ ਸਣੇ ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਹੈ। ਹਰਜੀਤ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਖੁਦ ਇਸ ਘਟਨਾਕ੍ਰਮ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਉੱਪਰ ਲਾਈਆਂ ਗਈਆਂ ਪਾਬੰਦੀਆਂ ਤੋਂ ਪਹਿਲਾਂ ਉਨ੍ਹਾਂ ਨੂੰ ਪੰਚਾਇਤ ਵਿਚ ਸੱਦਿਆ ਵੀ ਨਹੀਂ ਗਿਆ। ਇਸ ਸਬੰਧੀ ਪਿੰਡ ਵਿਚ ਚਾਰ ਗੁਰੂ-ਘਰਾਂ ਤੋਂ ਸਪੀਕਰ ਰਾਹੀਂ ਐਲਾਨ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਹੁਣ ਪਿੰਡ ਦੇ ਹਰ ਘਰ ਦਾ ਦਰਵਾਜ਼ਾ ਬੰਦ ਹੋ ਗਿਆ ਹੈ ਅਤੇ ਉਹ ਘਰ ਅੰਦਰ ਕੈਦੀਆਂ ਵਾਂਗ ਦਿਨ ਕੱਟ ਰਹੇ ਹਨ। ‘ਪੰਜਾਬੀ ਟ੍ਰਿਬਿਊਨ’ ਨੂੰ ਪ੍ਰਾਪਤ ਹੋਏ ਸਮਾਜਿਕ ਬਾਈਕਾਟ ਵਾਲੇ ਪੰਚਾਇਤੀ ਮਤੇ ਵਿੱਚ 15 ਪਾਬੰਦੀਆਂ ਲਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਹੋਣ ’ਤੇ ਅਰਥੀ ਦੇਣ ਤੋਂ ਲੈ ਕੇ ਗੁਰੂਘਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੱਕ ਦੇਣ ਤੋਂ ਮਨਾਹੀ ਕਰ ਦਿੱਤੀ ਗਈ ਹੈ। ਪਿੰਡ ਦੀ ਸਰਪੰਚ ਰਣਜੀਤ ਕੌਰ ਦੇ ਲੈਟਰ ਪੈਡ ਉੱਪਰ ਜਾਰੀ ਕੀਤੇ ਇਸ ਫ਼ਰਮਾਨ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬਲਜਿੰਦਰ ਸਿੰਘ ਸਮੇਤ ਕਰੀਬ 50 ਜਣਿਆਂ ਦੇ ਦਸਤਖ਼ਤ ਹਨ। ਇਹ ਪੰਚਾਇਤੀ ਮਤਾ ਪਿੰਡ ਦੇ ਸੋਸ਼ਲ ਮੀਡੀਆ ਗਰੁੱਪ ਵਿਚ ਵੀ ਜਾਰੀ ਕੀਤਾ ਗਿਆ ਹੈ। ਇਸ ਮਤੇ ਦਾ ਉਲੰਘਣ ਕਰਨ ਵਾਲਿਆਂ ਨੂੰ ਵੀ ‘ਭਾਂਡਾ ਤਿਆਗਣ’ ਦੀ ਚਿਤਾਵਨੀ ਦੇ ਨਾਲ-ਨਾਲ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕਰਨ ਦੀ ਗੱਲ ਕਹੀ ਗਈ ਹੈ। ਕਿਸਾਨ ਆਗੂ ਬਲਜਿੰਦਰ ਸਿੰਘ ਨੇ ਇਸ ਫ਼ੈਸਲੇ ਨੂੰ ਜਾਇਜ਼ ਦੱਸਦਿਆਂ ਵਧ ਰਹੀਆਂ ਸਮਾਜਿਕ ਕੁਰੀਤੀਆਂ ਦਾ ਹਵਾਲਾ ਦਿੱਤਾ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਇਸ ਨੂੰ ਗ਼ਲਤ ਕਾਰਵਾਈ ਦੱਸਿਆ ਹੈ।
ਮਾਮਲਾ ਬਹੁਤ ਗੰਭੀਰ ਹੈ: ਡੀਸੀ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਉਨ੍ਹਾਂ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਰਿੰਦਰ ਪਾਲ ਸਿੰਘ ਚੌਹਾਨ ਨੇ ਕਿਹਾ ਕਿ ਪੰਚਾਇਤ ਵੱਲੋਂ ਗ਼ੈਰਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਇਸ ਬਾਰੇ ਪੰਚਾਇਤ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਰਣਜੀਤ ਕੌਰ ਨੇ ਗ਼ਲਤੀ ਮੰਨੀ ਹੈ ਤੇ ਗੈਰਕਾਨੂੰਨੀ ਕਾਰਵਾਈ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਇਹ ਸਾਰੇ ਪਿੰਡ ਦਾ ਫ਼ੈਸਲਾ ਹੈ: ਕੇਵਲ ਸਿੰਘ
ਸਰਪੰਚ ਰਣਜੀਤ ਕੌਰ ਦੇ ਪਤੀ ਕੇਵਲ ਸਿੰਘ ਨੇ ਕਿਹਾ ਕਿ ਇਹ ਸਾਰੇ ਪਿੰਡ ਦਾ ਫ਼ੈਸਲਾ ਹੈ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਫ਼ੈਸਲਾ ਗੈਰਕਾਨੂੰਨੀ ਹੈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ।