ਸਰਬਜੀਤ ਸਿੰਘ ਭੰਗੂ
ਟੌਹੜਾ (ਪਟਿਆਲਾ), 12 ਅਕਤੂਬਰ
ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਚਲੀ ਪੰਚਾਇਤੀ ਚੋਣ ਇਸ ਵੇਲੇ ਚਰਚਾ ਵਿੱਚ ਹੈ। 24 ਸਤੰਬਰ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਸਬੰਧੀ ਸਮਾਗਮ ਰਲ ਕੇ ਕਰਵਾਉਣ ਵਾਲੇ ਟੌਹੜਾ ਪਿੰਡ ਨਾਲ ਸਬੰਧਤ ਦੋ ਪ੍ਰਮੁੱਖ ਧੜੇ ਪੰਚਾਇਤ ਚੋਣ ’ਚ ਦੋਫਾੜ ਹੋ ਗਏ ਹਨ। ਇੱਕ ਧੜੇ ਦੀ ਅਗਵਾਈ ਕੁਲਦੀਪ ਕੌਰ ਟੌਹੜਾ, ਹਰਮੇਲ ਸਿੰਘ ਟੌਹੜਾ, ਹਰਿੰਦਰਪਾਲ ਟੌਹੜਾ ਤੇ ਕੰਵਰਵੀਰ ਟੌਹੜਾ ’ਤੇ ਆਧਾਰਿਤ ‘ਟੌਹੜਾ ਪਰਿਵਾਰ’ ਕਰ ਰਿਹਾ ਹੈ। ਦੂਜੇ ਧੜੇ ਦੇ ਆਗੂ ਸਤਵਿੰਦਰ ਸਿੰਘ ਟੌਹੜਾ ਹਨ। ਮਰਹੂਮ ਟੌਹੜਾ ਨੇ ਸਤਵਿੰਦਰ ਸਿੰਘ ਨੂੰ ਲਗਾਤਾਰ ਤਿੰਨ ਵਾਰ ਸਰਪੰਚ ਬਣਾਇਆ। ਸਤਵਿੰਦਰ ਸਿੰਘ ਨੇ ਵੀ ਕਈ ਵਰ੍ਹੇ ਉਸ ਆਗੂ ਨੂੰ ਸਮਰਪਿਤ ਕੀਤੇ। ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਮਗਰੋਂ ਦੋਵਾਂ ਧੜਿਆਂ ਵਿਚਾਲੇ ਜ਼ਿਆਦਾਤਰ ਮੱਤਭੇਦ ਹੀ ਰਹੇ ਪਰ ਜਨਮ ਸ਼ਤਾਬਦੀ ਗਿਲੇ-ਸ਼ਿਕਵੇ ਲਾਂਭੇ ਰੱਖ ਕੇ ਮਨਾਈ ਗਈ। ਸਤਵਿੰਦਰ ਟੌਹੜਾ ਇਲਾਕੇ ਤੋਂ 20 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ।
ਬੀਬੀ ਕੁਲਦੀਪ ਕੌਰ 2011 ਤੋਂ ਸਨੌਰ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ। ਇਸੇ ਤਰ੍ਹਾਂ ਹਰਮੇਲ ਟੌਹੜਾ ਕੈਬਨਿਟ ਮੰਤਰੀ, ਹਰਿੰਦਰਪਾਲ ਟੌਹੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਕੰਵਰਵੀਰ ਅਮਲੋਹ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਰਹੇ ਹਨ। ਦੋਵੇਂ ਧਿਰਾਂ ਅੱੱਜ ਵੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਹਨ ਪਰ ਸਰਪੰਚੀ ਮਾਮਲੇ ਕਾਰਨ ਪਏ ਵਖਰੇਵੇਂ ਵੱਧ ਰਹੇ ਹਨ। ਬੀਬੀ ਕੁਲਦੀਪ ਕੌਰ ਟੌਹੜਾ ਆਪਣੇ ਪੁੱਤਰ ਕੰਵਰਵੀਰ ਟੌਹੜਾ ਅਤੇ ਨੂੰਹ ਫਿਲਮੀ ਅਦਾਕਾਰਾ ਮਹਿਰੀਨ ਕਾਲੇਕਾ ਨਾਲ ਸੁਖਜਿੰਦਰ ਸਿੰਘ ਲਈ ਜ਼ੋਰ ਲਾ ਰਹੇ ਹਨ, ਜਦਕਿ ਸਤਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਬਹਾਦਰ ਸਿੰਘ ਲਈ ਸਰਗਰਮ ਹੈ।
ਪਿੰਡ ਦੇ ਹੁਣ ਤੱਕ ਸੱਤ ਸਰਪੰਚ ਬਣੇ
ਪਿੰਡ ਟੌਹੜਾ ਦੇ ਹੁਣ ਤੱਕ ਸੱਤ ਸਰਪੰਚ ਰਹੇ ਹਨ ਤੇ ਬਹੁਤੀ ਵਾਰ ਸਰਬਸੰਮਤੀ ਹੋਈ ਹੈ। ਜਗੀਰ ਸਿੰਘ 1952 ਤੋਂ 1972 ਤੱਕ, ਮੇਘ ਸਿੰਘ 1973 ਤੋਂ 1993 ਤੱਕ ਤੇ ਸਤਵਿੰਦਰ ਸਿੰਘ ਟੌਹੜਾ 1993 ਤੋਂ 2008 ਤੱਕ 15-15 ਸਾਲ ਸਰਪੰਚ ਰਹੇ। ਦਸ ਸਾਲ ਬਹਾਦਰ ਸਿੰਘ (ਮੌਜੂਦਾ ਉਮੀਦਵਾਰ) ਨੇ ਸਰਪੰਚੀ ਕੀਤੀ ਤੇ 2013 ਤੋਂ 2018 ਤੱਕ ਉਨ੍ਹਾਂ ਦੀ ਨੂੰਹ ਕੁਦਰਤਪ੍ਰਿਆ ਕੌਰ ਸਰਪੰਚ ਰਹੇ। ਇਸੇ ਤਰ੍ਹਾਂ 2018 ਤੋਂ 2023 ਤੱਕ ਰਾਖਵੀਂਆਂ ਸ਼੍ਰੇਣੀਆਂ ’ਚੋਂ ਬਲਜਿੰਦਰ ਸਿੰਘ ਸਰਪੰਚ ਰਹੇ ਹਨ।