ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਸਤੰਬਰ
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਦੌਰ ਦੌਰਾਨ ਪਿੰਡ ਮੁੰਡੀ ਜਮਾਲ ਵਿੱਚ ਅਕਾਲੀ ਦਲ ਦੇ ਸਰਪੰਚੀ ਦੇ ਦਾਅਵੇਦਾਰ ਦੇ ਘਰ ’ਤੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਹਾਕਮ ਧਿਰ ਦੇ ਸਮਰਥਕਾਂ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਹਨ। ਪੁਲੀਸ ਨੇ ਮੁੱਢਲੀ ਤਫ਼ਤੀਸ਼ ਮਗਰੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਥਾਣਾ ਫ਼ਤਿਹਗੜ੍ਹ ਪੰਜਤੂਰ ਵਿੱਚ ਦਰਜ ਕਰਵਾਈ ਐਫ਼ਆਈਆਰ ਮੁਤਾਬਕ 26 ਸਾਲਾ ਗੁਰਭੇਜ ਸਿੰਘ ਪਿੰਡ ਮੁੰਡੀ ਜਮਾਲ ਨੇ ਕਿਹਾ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਇਸ ਵਾਰ ਅਕਾਲੀ ਦਲ ਵੱਲੋਂ ਆਪਣੇ ਪਿੰਡ ਦੀ ਸਰਪੰਚੀ ਦੀ ਚੋਣ ਲੜਨ ਲਈ ਉਮੀਦਵਾਰ ਹੈ। ਪਿੰਡ ਦੇ ਵਾਰਡ ਨੰਬਰ ਤਿੰਨ ਤੋਂ ਅੰਮ੍ਰਿਤਪਾਲ ਸਿੰਘ ਨੂੰ ਸਰਬਸੰਮਤੀ ਨਾਲ ਪੰਚ ਚੁਣ ਲਿਆ ਗਿਆ ਸੀ। ਉਹ ਲੰਘੀ ਰਾਤ ਸੁੱਤੇ ਪਏ ਸੀ ਤਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਪਰਿਵਾਰ ਸਮੇਤ ਬਾਹਰ ਆਏ ਤਾਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਨਾਲ ਘਰ ਦਾ ਗੇਟ ਨੁਕਸਾਨਿਆ ਗਿਆ।
ਸੰਘਰਸ਼ ਕਰਨ ਦੀ ਚਿਤਾਵਨੀ
ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਤੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪੰਚਾਇਤ ਚੋਣਾਂ ਵਿੱਚ ਧਾਂਦਲੀਆਂ ਦਾ ਖ਼ਦਸ਼ਾ ਜ਼ਾਹਰ ਕਰਦੇ ਕਿਹਾ ਕਿ ਅਕਾਲੀ ਸਮਰਥਕ ਪੰਚਾਂ-ਸਰਪੰਚਾਂ ਨੂੰ ਐਨਓਸੀ ਦੇਣ ਲਈ ਟਾਲ ਮਟੋਲ ਅਤੇ ਖੱਜਲ ਕੀਤਾ ਜਾ ਰਿਹਾ ਹੈ। ਜੇ ਪੰਚ ਸਰਪੰਚ ਦੀ ਚੋਣ ਲਈ ਅਰਜ਼ੀ ਦੇਣ ਵਾਲੇ ਨੂੰ ਸੋਮਵਾਰ ਤੱਕ ਐਨਓਸੀ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਬੀਡੀਪੀਓ ਦਫ਼ਤਰ ਕੋਟ ਈਸੇ ਖਾਂ ਅੱਗੇ ਧਰਨਾ ਦੇਣਗੇ।