ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ
ਪੰਜਾਬ ’ਚ ਪੰਚਾਇਤ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰਾਂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਇਨ੍ਹਾਂ ਪੰਚਾਇਤ ਚੋਣਾਂ ਵਿਚ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕਣਗੇ ਪ੍ਰੰਤੂ ਸਿਆਸੀ ਧਿਰਾਂ ਦਾ ਇਨ੍ਹਾਂ ਚੋਣਾਂ ਨੂੰ ਲੈ ਕੇ ਪੂਰਾ ਸਿਆਸੀ ਤਾਣ ਲੱਗਿਆ ਹੋਇਆ ਹੈ। ਦੋ ਦਿਨਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੇ ਪਿੰਡਾਂ ਵਿਚ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਪਿੰਡਾਂ ਵਿਚ ਸਿਆਸੀ ਮਾਹੌਲ ਕਾਫ਼ੀ ਗਰਮਾ ਗਿਆ ਹੈ। ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਤਾਂ ਸ਼ੁਰੂ ਹੋ ਚੁੱਕਾ ਹੈ ਪ੍ਰੰਤੂ ਹੁਣ ਸਿਆਸੀ ਧਿਰਾਂ ਨੇ ਰਾਖਵੇਂਕਰਨ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਪਿੰਡ ਜਨਰਲ ਹੈ ਜਾਂ ਰਾਖਵਾਂ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਬਠਿੰਡਾ ਦੇ ਪਿੰਡ ਮਾੜੀ ਵਿਚ ਸੇਵਕ ਸਿੰਘ ਨੂੰ ਬਤੌਰ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ ਹੈ ਅਤੇ ਮਾਹਿਲਪੁਰ ਬਲਾਕ ਦੇ ਪਿੰਡ ਦਾਤਾ ਵਿਚ ਸਰਬਸੰਮਤੀ ਨਾਲ ਸੁਨੀਤਾ ਰਾਣੀ ਨੂੰ ਸਰਪੰਚ ਚੁਣਿਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿਚ ਵੀ ਭਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਖ਼ਬਰ ਹੈ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੌਲ ਵਿਚ ਗੁਰਜੀਤ ਕੌਰ ਸਮੇਤ ਪੂਰੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ ਜਦੋਂਕਿ ਬਲਾਕ ਫੂਲ ਦੇ ਪਿੰਡ ਹਿੰਮਤਪੁਰਾ ਵਿਚ ਵੀ ਬਾਬੂ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਪਿੰਡ ਹਿੰਮਤਪੁਰਾ ਵਿਖੇ ਪਹਿਲਾਂ ਵੀ ਪੰਜ ਵਾਰ ਸਰਬਸੰਮਤੀ ਹੋ ਚੁੱਕੀ ਹੈ।