ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 17 ਅਪਰੈਲ
ਹੁਣ ਕੋਈ ਵੀ ਪੰਚਾਇਤ ਸਕੱਤਰ ਆਪਣੀ ਛੁੱਟੀ ਪ੍ਰਵਾਨ ਕਰਵਾਏ ਬਗੈਰ ਵਿਭਾਗ ਦੇ ਮੁਹਾਲੀ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ, ਵਿਕਾਸ ਭਵਨ ਵਿੱਚ ਨਹੀਂ ਆ ਸਕੇਗਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ (ਆਰਡੀ) ਵੱਲੋਂ ਇਸ ਸਬੰਧੀ ਲਿਖਤੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਦੀਆਂ ਸਮੁੱਚੀਆਂ ਪੰਚਾਇਤ ਸਮਿਤੀਆਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਭੇਜੇ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਪੰਚਾਇਤ ਸਕੱਤਰ ਬਿਨਾਂ ਛੁੱਟੀ ਪ੍ਰਵਾਨ ਕਰਵਾਇਆ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਆਵੇਗਾ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਪੱਤਰ ਦਾ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ ਨੇ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਚਾਇਤ ਸਕੱਤਰ ਯੂਨੀਅਨ, ਪੰਚਾਇਤ ਵਿਭਾਗ ਵਿੱਚ ਹੋਈਆਂ ਭਾਰੀ ਵਿੱਤੀ ਬੇਨਿਯਮੀਆਂ ਅਤੇ ਪੰਚਾਇਤ ਸਮਿਤੀਆਂ ਵਿੱਚ ਹੋਈਆਂ ਭਰਤੀਆਂ ਸਬੰਧੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਇਸੇ ਕਰਕੇ ਅਫ਼ਸਰਸ਼ਾਹੀ ਉਨ੍ਹਾਂ ਨੂੰ ਪੰਚਾਇਤ ਮੰਤਰੀ ਤੋਂ ਦੂਰ ਰੱਖਣ ਦੇ ਮਨਸ਼ੇ ਨਾਲ ਅਜਿਹੇ ਨਿਰਦੇਸ਼ ਜਾਰੀ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੱਖਪਾਤ ਹੈ ਕਿਉਂਕਿ ਪੱਤਰ ਵਿੱਚ ਸਿਰਫ਼ ਪੰਚਾਇਤ ਸਕੱਤਰਾਂ ਲਈ ਅਜਿਹੇ ਨਿਰਦੇਸ਼ ਦਿੱਤੇ ਗਏ ਹਨ, ਬਾਕੀ ਕਰਮਚਾਰੀਆਂ ’ਤੇ ਕੋਈ ਰੋਕ ਨਹੀਂ ਲਾਈ ਗਈ।
ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਜਲਦੀ ਹੀ ਪੰਚਾਇਤ ਮੰਤਰੀ ਨੂੰ ਮਿਲ ਕੇ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਿੱਚ ਹੋ ਰਹੀਆਂ ਘਪਲੇਬਾਜ਼ੀਆਂ, ਬੇਨਿਯਮੀਆਂ ਅਤੇ ਅਜਿਹਾ ਕਰਨ ਵਾਲਿਆਂ ਦੇ ਦਸਤਾਵੇਜ਼ੀ ਸਬੂਤ ਸੌਂਪਣਗੇ।