ਸੁਰਜੀਤ ਮਜਾਰੀ
ਬੰਗਾ, 10 ਨਵੰਬਰ
ਬਹੁਜਨ ਸਮਾਜ ਪਾਰਟੀ ਦੇ ਮੁੜ ਨਿਯੁਕਤ ਸੂਬਾ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਦੇਸ਼ ਅੰਦਰ ਆਰਥਿਕ ਆਜ਼ਾਦੀ ਅਤੇ ਸਮਾਜਿਕ ਤਬਦੀਲੀ ਲਈ ਲੋਕਾਂ ਨੂੰ ਸਮਾਜਿਕ ਲਾਮਬੰਦੀ ਦਾ ਹੋਕਾ ਦਿੱਤਾ ਹੈ। ਉਹ ਪਿੰਡ ਭਰੋਮਜਾਰਾ ’ਚ ਨਵੀਂ ਪੰਚਾਇਤ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਵੱਲੋਂ ਸ਼ੁਰੂ ਕੀਤਾ ਗਿਆ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਘਰਸ਼ ਇਸ ਲਾਮਬੰਦੀ ਨਾਲ ਹੀ ਮੰਜ਼ਿਲ ਸਰ ਕਰ ਸਕਦਾ ਹੈ। ਉਨ੍ਹਾਂ ਪੰਜਾਬ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਿਆਸੀ ਵਖਰੇਵੇਂ ਤੇੇ ਪਿੰਡ ਪੱਧਰੀ ਧੜੇਬਾਜ਼ੀਆਂ ਤੋਂ ਉਪਰ ਉੱਠ ਕੇ ਪੇਂਡੂ ਖੇਤਰ ਦੇ ਬਹੁਪੱਖੀ ਵਿਕਾਸ ਦਾ ਅਹਿਦ ਲੈਣ। ਸ੍ਰੀ ਕਰੀਮਪੁਰੀ ਨੇ ਐਲਾਨ ਕੀਤਾ ਕਿ ਸੂਬੇ ’ਚ ਕਿਤੇ ਵੀ ਕਿਸੇ ਕਿਸਮ ਦੀ ਵਧੀਕੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਸਮਾਜਿਕ ਮੁੱਦਿਆਂ ’ਤੇ ਪਾਰਟੀ ਦੇ ਬੈਨਰ ਹੇਠ ਹਰ ਲੋਕ ਮਾਰੂ ਤਾਕਤ ਦਾ ਟਾਕਰਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਬੂਥ ਪੱਧਰ ’ਤੇ ਪਹਿਰੇਦਾਰੀ ਦੀ ਪ੍ਰੇਰਨਾ ਦਿੰਦਿਆਂ ਉਨ੍ਹਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਪੰਜਾਬ ਅੰਦਰ ਪਾਰਟੀ ਆਗੂਆਂ ਦੀ ਧੜੇਬੰਦੀ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਉਹ ਖੁਦ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਦੇ ਕੇ ਪਾਰਟੀ ਨੂੰ ਸਮਰਪਿਤ ਸੇਵਾਵਾਂ ਦੇਣ ਦੇ ਧਾਰਨੀ ਹਨ।