ਦੇਵਿੰਦਰ ਸਿੰਘ ਜੱਗੀ
ਪਾਇਲ, 6 ਫਰਵਰੀ
ਦਿੱਲੀ ਦੀ ਸਿੰਘੂ ਹੱਦ ’ਤੇ 27 ਜਨਵਰੀ ਦੀ ਰਾਤ ਨੂੰ ਬਿਜਲੀ ਬੰਦ ਹੋਣ ਮਗਰੋਂ ਦੁਕਾਨ ਤੋਂ ਮੋਮਬੱਤੀਆਂ ਲੈਣ ਗਿਆ ਬੇਗੋਵਾਲ ਦਾ 26 ਸਾਲਾ ਨੌਜਵਾਨ ਪਰਮਜੀਤ ਸਿੰਘ ਉਰਫ ਚੇਤੂ ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਣ ਪਿੱਛੋਂ ਪਾਇਲ ਦੇ ਸਿਵਲ ਹਸਪਤਾਲ ’ਚ ਦਾਖ਼ਲ ਹੈ। ਉਸ ਨੇ ਪੁਲੀਸ ’ਤੇ ਤਸ਼ੱਦਦ ਢਾਹੁਣ ਦਾ ਦੋਸ਼ ਲਾਇਆ ਹੈ।
ਪੀੜਤ ਨੇ ਦੱਸਿਆ ਕਿ ਉਹ 18 ਜਨਵਰੀ ਨੂੰ ਕਿਸਾਨੀ ਅੰਦੋਲਨ ਵਿੱਚ ਗਿਆ ਸੀ। ਉਹ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਵਾਲੇ ਪਾਸੇ ਰੋਜ਼ਾਨਾ ਲੰਗਰ ਬਣਾਉਣ ਅਤੇ ਸਫ਼ਾਈ ਕਰਨ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। 27 ਜਨਵਰੀ ਦੀ ਰਾਤ ਨੂੰ ਜਦੋਂ ਟੈਂਟ ਵਿੱਚ ਬਿਜਲੀ ਚਲੀ ਗਈ ਤਾਂ ਉਹ ਦੁਕਾਨ ਤੋਂ ਮੋਮਬੱਤੀਆਂ ਲੈਣ ਗਿਆ। ਇਸ ਦੌਰਾਨ ਪੁਲੀਸ ਉਸ ਨੂੰ ਨਰੇਲਾ ਥਾਣੇ ਲੈ ਗਈ। ਉਸ ਨੇ ਦੋਸ਼ ਲਾਇਆ ਕਿ ਥਾਣੇ ਲਿਜਾ ਕੇ ਉਸ ’ਤੇ ਤਸ਼ੱਦਦ ਕੀਤਾ ਗਿਆ। ਉਸ ਦੇ ਸਰੀਰ ’ਤੇ ਪਟੇ ਅਤੇ ਢਿੱਡ ਵਿੱਚ ਲੱਤਾਂ ਮਾਰੀਆਂ ਗਈਆਂ।
ਪੀੜਤ ਨੌਜਵਾਨ ਨੇ ਦੱਸਿਆ ਕਿ ਪੁਲੀਸ ਨੇ ਉਸ ਤੋਂ ਇਲਾਵਾ ਇੱਕ ਬਜ਼ੁਰਗ ਨੂੰ ਵੀ ਹਿਰਾਸਤ ਵਿੱਚ ਲਿਆ ਸੀ। ਉਸ ਨਾਲ ਵੀ ਅਣਮਨੁੱਖੀ ਵਰਤਾਰਾ ਕੀਤਾ ਗਿਆ ਅਤੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕੀਤੀ ਗਈ। ਉਸ ਨੇ ਦੱਸਿਆ ਕਿ ਜਦੋਂ 28 ਜਨਵਰੀ ਦੀ ਰਾਤ ਦਿੱਲੀ ਪੁਲੀਸ ਵੱਲੋਂ ਉਸ ਨੂੰ ਛੱਡਿਆ ਗਿਆ ਤਾਂ ਪੁਲੀਸ ਨੇ ਉਸ ਨੂੰ ਇਸ ਬਾਰੇ ਕਿਸੇ ਨੂੰ ਵੀ ਨਾ ਦੱਸਣ ਲਈ ਕਿਹਾ। ਪੁਲੀਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਸ ਦਾ ਨਤੀਜਾ ਮਾੜਾ ਹੋਵੇਗਾ।
ਤਸ਼ੱਦਦ ਦੀ ਵੀਡੀਓ ਵਾਇਰਲ ਹੋਣ ਮਗਰੋਂ ਜਦੋਂ ਪਿੰਡ ਵਾਸੀਆਂ ਨੂੰ ਉਸ ਦਾ ਪਤਾ ਲੱਗਿਆ ਤਾਂ ਪਿੰਡ ਦਾ ਨੌਜਵਾਨ ਜਗਜੀਤ ਸਿੰਘ ਜੱਗੀ ਉਸ ਨੂੰ ਦਿੱਲੀ ਤੋਂ ਪਿੰਡ ਲੈ ਕੇ ਆਇਆ ਤੇ ਹੋਦ ਚਿੱਲੜ ਕਮੇਟੀ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਇਨਸਾਫ਼ ਲਈ ਹਾਈ ਕੋਰਟ ਜਾਵਾਂਗੇ: ਗਿਆਸਪੁਰਾ
ਇਸ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਪਰਮਜੀਤ ਸਿੰਘ ਆਪਣੀ ਬਿਰਧ ਮਾਤਾ ਦਾ ਇਕਲੌਤਾ ਪੁੱਤਰ ਹੈ। ਉਸ ਦੀ ਮਾਤਾ ਦਿੱਲੀ ਪੁਲੀਸ ਦੇ ਡਰ ਤੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਤੋਂ ਵੀ ਡਰ ਰਹੀ ਸੀ ਕਿ ਉਸ ਦੇ ਪੁੱਤਰ ’ਤੇ ਫਿਰ ਕੋਈ ਆਫ਼ਤ ਨਾ ਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਸਾਰੀ ਗੱਲ ਪੁਲੀਸ ਦੇ ਧਿਆਨ ਵਿੱਚ ਲਿਆ ਕੇ ਉਸ ਨੂੰ ਪਾਇਲ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਪੀੜਤ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।