ਪੱਤਰ ਪ੍ਰੇਰਕ
ਤਰਨ ਤਾਰਨ, 16 ਅਗਸਤ
ਪਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਦੀਆਂ ਤਿੰਨ ਮਹਿਲਾ ਵਰਕਰਾਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਇੱਥੋਂ ਦੀ ਅੰਮ੍ਰਿਤਸਰ ਸੜਕ ’ਤੇ ਦਿਨ ਭਰ ਲਈ ਭੁੱਖ ਹੜਤਾਲ ਕੀਤੀ ਗਈ|
ਜ਼ਿਕਰਯੋਗ ਹੈ ਕਿ ਕਰੀਬ 20 ਸਾਲ ਪਹਿਲਾਂ 16 ਸਾਲ ਦੇ ਨੌਵੀਂ ਜਮਾਤ ਵਿੱਚ ਪੜ੍ਹਦੇ ਪਰਦੀਪ ਸਿੰਘ ਦੀ ਗੋਇੰਦਵਾਲ ਸਾਹਿਬ ਪੁਲੀਸ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ| ਪਰਦੀਪ ਸਿੰਘ ਦੇ ਪਰਿਵਾਰ ਵੱਲੋਂ ਮੌਤ ਲਈ ਜ਼ਿੰਮੇਵਾਰ ਏਐੱਸਆਈ ਹਰਭਜਨ ਸਿੰਘ ਖਿਲਾਫ਼ ਕਾਰਵਾਈ ਕਰਵਾਉਣ ਲਈ ਖ਼ੁਦ ਚਾਰਾਜੋਈ ਕੀਤੀ ਗਈ ਸੀ ਜਿਸ ਤਹਿਤ ਏਐੱਸਆਈ ਹਰਭਜਨ ਸਿੰਘ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ| ਇਸ ਸਭ ਕੁਝ ਦੇ ਬਾਵਜੂਦ ਹਰਭਜਨ ਸਿੰਘ ਪੁਲੀਸ ਵਿਭਾਗ ਵਿੱਚ ਸੇਵਾ ਪੂਰੀ ਕਰਨ ਉਪਰੰਤ ਸੇਵਾਮੁਕਤੀ ਦੇ ਲਾਭ ਲੈ ਗਿਆ| ਪਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਦੇ ਆਗੂ ਪਰਵਿੰਦਰ ਸਿੰਘ ਨੇ ਦੱਸਿਆ ਕਿ ਕਮੇਟੀ ਹਰਭਜਨ ਸਿੰਘ ਨੂੰ ਸਰਪ੍ਰਸਤੀ ਦੇਣ ਵਾਲੇ ਉੱਚ ਤੇ ਅਧੀਨ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦੀ ਆ ਰਹੀ ਹੈ|