ਜਲੰਧਰ (ਪਾਲ ਸਿੰਘ ਨੌਲੀ): ਜ਼ਿਲ੍ਹੇ ਦੇ ਪਿੰਡ ਕੋਟ ਕਲਾਂ ਦੇ ਲੋਕਾਂ ਨੇ ਅੱਜ ਦਾ ਦਿਨ ਉਤਸਵ ਵਜੋਂ ਮਨਾਇਆ ਜਦੋਂ ਉਨ੍ਹਾਂ ਦੇ ਪਿੰਡ ਦਾ ਪਰਦੀਪ ਸਿੰਘ ਟਿਵਾਣਾ ਆਸਟਰੇਲੀਆ ਵਿੱਚ ਇੱਕ ਕਾਊਂਟੀ ਕੋਰਟ ਦਾ ਪਹਿਲਾ ਭਾਰਤੀ ਜੱਜ ਨਿਯੁਕਤ ਹੋਇਆ ਹੈ। ਪਿੰਡ ਵਾਸੀਆਂ ਨੇ ਉਸ ਦੀਆਂ ਤਸਵੀਰਾਂ ਵਾਲਾ ਇੱਕ ਵਧਾਈ ਦਾ ਬੈਨਰ ਬਣਾਇਆ ਹੋਇਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 51 ਸਾਲਾ ਪਰਦੀਪ ਸਿੰਘ ਟਿਵਾਣਾ ਭਾਵੇ ਇੰਗਲੈਂਡ ਵਿੱਚ ਜੰਮਿਆ ਸੀ ਪਰ ਉਸ ਦੇ ਮਾਪਿਆਂ ਦਾ ਪਿਛਕੋੜ ਇਸ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਇੰਗਲੈਂਡ ਦੇ ਪਹਿਲੇ ਪੱਗੜੀਧਾਰੀ ਐੱਮਪੀ ਤਨਮਨਜੀਤ ਸਿੰਘ ਢੇਸੀ ਦੇ ਚਾਚੇ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਪਰਦੀਪ ਸਿੰਘ ਟਿਵਾਣਾ ਦੇ ਮਾਪਿਆਂ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਪਰਮਾਤਾਮਾ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਵਿੱਚ ਇੱਕ ਸਮਾਗਮ ਕੀਤਾ।