ਦਲਬੀਰ ਸੱਖੋਵਾਲੀਆ
ਬਟਾਲਾ, 21 ਮਾਰਚ
ਰਾਜ ਸਭਾ ਮੈਂਬਰ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਸਭਾਪਤੀ ਤੇ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਭੇਜ ਦਿੱਤਾ ਹੈ। ਬਾਜਵਾ ਨੇ ਦੱਸਿਆ ਕਿ ਉਹ 10 ਮਾਰਚ ਨੂੰ ਆਏ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਅਨੁਸਾਰ ਹਲਕਾ ਕਾਦੀਆਂ ਤੋਂ ਵਿਧਾਇਕ ਚੁਣੇ ਗਏ ਹਨ। ਅਜਿਹੇ ਹਾਲਾਤ ਵਿੱਚ 14 ਦਿਨਾਂ ਅੰਦਰ ਅਸਤੀਫਾ ਦੇਣਾ ਪੈਂਦਾ ਹੈ। ਭਾਵੇਂ ਅਸਤੀਫਾ ਦੇਣ ਦੀ ਆਖਰੀ ਮਿਤੀ 25 ਮਾਰਚ ਸੀ ਪਰ ਉਨ੍ਹਾਂ ਅੱਜ ਹੀ ਅਸਤੀਫਾ ਦੇ ਦਿੱਤਾ ਹੈ। ਉਂਜ ਉਨ੍ਹਾਂ ਦੇ ਰਾਜ ਸਭਾ ਅਹੁਦੇ ਦੀ ਮਿਆਦ ਅਪਰੈਲ ਤੱਕ ਦੱਸੀ ਜਾ ਰਹੀ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਪ੍ਰਤਾਬ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਮੈਂਬਰ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਲਏ ਜਾਣ ’ਤੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ‘ਆਪ’ ਕੋਲ ਬਹੁਮਤ ਹੈ ਤਾਂ ਉਹ ਰਾਜ ਸਭਾ ਮੈਂਬਰਸ਼ਿਪ ਲਈ ਜਿੱਥੋਂ ਮਰਜ਼ੀ ਆਗੂ ਲੈਣ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਈ ਵਾਰ ਅਸਾਮ ਤੋਂ ਮੈਂਬਰ ਲਿਆ ਸੀ। ਇਸੇ ਤਰ੍ਹਾਂ ਜੰਮੂ ਖੇਤਰ ਦੇ ਗੁਲਾਮ ਨਬੀ ਆਜ਼ਾਦ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰਸ਼ਿਪ ਦਿੱਤੀ ਜਾਂਦੀ ਰਹੀ ਹੈ।