ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਪਰੈਲ
ਇਥੇ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਦੋਂ ਯਾਤਰੀ ਭੜਕ ਗਏ ਜਦੋਂ ਅੰਮ੍ਰਿਤਸਰ-ਟੋਰਾਂਟੋ ਉਡਾਣ ਨੂੰ ਦੁਬਈ ਰਸਤੇ ਉਨ੍ਹਾਂ ਨੂੰ ਕੈਨੇਡਾ ਜਾਣ ਲਈ ਆਖਿਆ ਗਿਆ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸੀ। ਕੈਨੇਡਾ ਜਾਣ ਵਾਲੇ ਯਾਤਰੀਆਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਆਖਿਆ ਗਿਆ ਸੀ ਕਿ ਇਹ ਉਡਾਣ ਅੰਮ੍ਰਿਤਸਰ ਤੋਂ ਸਿੱਧੀ ਕੈਨੇਡਾ ਜਾਵੇਗੀ। ਜਦੋਂ ਯਾਤਰੀਆਂ ਨੂੰ ਮੌਕੇ ’ਤੇ ਦੁਬਈ ਦੇ ਇੱਕ ਮਹੀਨੇ ਦੇ ਵੀਜ਼ੇ ਦਿੱਤੇ ਗਏ ਤਾਂ ਉਹ ਘਬਰਾ ਗਏ। ਵਿਦਿਆਰਥੀਆਂ ਨੇ ਅਥਾਰਿਟੀ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਆਖਿਆ ਕਿ ਇਹ ਉਨ੍ਹਾਂ ’ਤੇ ਵਾਧੂ ਦਾ ਬੋਝ ਪਏਗਾ ਕਿਉਂਕਿ ਉਨ੍ਹਾਂ ਨੂੰ ਦੁਬਈ ਵਿਚ ਕੋਵਿਡ ਪ੍ਰੋਟੋਕੋਲ ਦੀ ਪਾਲਣ ਹਿੱਤ ਉਥੇ ਠਹਿਰਨਾ ਪੈਣਾ ਹੈ। ਇਸ ਰੌਲੇ-ਰੱਪੇ ਦੌਰਾਨ 50 ਤੋਂ ਵੱਧ ਯਾਤਰੀ ਹਵਾਈ ਅੱਡੇ ’ਤੇ ਰਹਿ ਗਏ। ਜ਼ਿਆਦਾਤਰ ਵਿਦਿਆਰਥੀਆਂ ਕੋਲ ਇਥੋਂ ਸਿੱਧੀ ਜਾਣ ਵਾਲੀ ਉਡਾਣ ਦੀ ਟਿਕਟ ਸੀ, ਜਿਸ ਨੇ ਸੋਮਵਾਰ ਦੇਰ ਸ਼ਾਮ 9:30 ਵਜੇ ਰਵਾਨਾ ਹੋਣਾ ਸੀ।
ਸਪਾਈਸ ਜੈੱਟ ਦੀ ਉਡਾਣ ਰਾਹੀਂ ਯਾਤਰੀਆਂ ਨੂੰ ਬੀਤੀ ਰਾਤ ਲਗਪਗ 12 ਵਜੇ ਸਥਾਨਕ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕੈਨੇਡਾ ਲਿਜਾਇਆ ਗਿਆ। ਯਾਤਰੀ ਉਸ ਵੇਲੇ ਹੋਰ ਭੜਕ ਗਏ, ਜਦੋਂ ਤੜਕੇ ਹੋਰ ਉਡਾਣਾਂ ਦੀ ਆਮਦ ਅਤੇ ਰਵਾਨਗੀ ਦਾ ਸਮਾਂ ਹੋਣ ’ਤੇ ਉਨ੍ਹਾਂ ਨੂੰ ਹਵਾਈ ਅੱਡਾ ਖਾਲੀ ਕਰਨ ਲਈ ਕਿਹਾ ਗਿਆ। ਇਸ ਖੱਜਲ-ਖੁਆਰੀ ਤੋਂ ਭੜਕੇ ਯਾਤਰੀਆਂ ਤੇ ਉਨ੍ਹਾਂ ਦੇ ਵਾਰਸਾਂ ਨੇ ਅੱਜ ਤੜਕੇ ਹਵਾਈ ਕੰਪਨੀ, ਹਵਾਈ ਅੱਡਾ ਪ੍ਰਬੰਧਕਾਂ ਤੇ ਸੁਰੱਖਿਆ ਕਰਮਚਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹਵਾਈ ਅੱਡੇ ’ਤੇ ਧਰਨਾ ਲਾਇਆ।
ਸੰਗਰੂਰ ਤੋਂ ਆਏ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੋਹਤੀ ਤੇ ਇੱਕ ਹੋਰ ਕੁੜੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਲਈ ਆਇਆ ਸੀ। ਇੱਕ ਕੁੜੀ ਕੈਨੇਡਾ ਲਈ ਰਵਾਨਾ ਹੋ ਗਈ ਤੇ ਦੂਜੀ ਨੂੰ ਇੱਥੇ ਹੀ ਰਹਿ ਗਈ। ਕੈਨੇਡਾ ਰਵਾਨਾ ਹੋਈ ਕੁੜੀ ਦਾ ਤੜਕੇ ਫੋਨ ਆਇਆ ਕਿ ਉਸ ਨੂੰ ਦੁਬਈ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ, ਜਿੱਥੇ ਉਨ੍ਹਾਂ ਦਾ ਮੁੜ ਕਰੋਨਾ ਟੈਸਟ ਲਿਆ ਜਾ ਰਿਹਾ ਹੈ। ਪ੍ਰੇਸ਼ਾਨ ਮਾਪਿਆਂ ਤੇ ਵਾਰਸਾਂ ਨੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਾ ਹੋਣ ’ਤੇ ਹਵਾਈ ਅੱਡਾ ਤੇ ਪ੍ਰਬੰਧਕਾਂ ਕੋਲੋਂ ਜਾਣਕਾਰੀ ਮੰਗੀ ਪਰ ਕੋਈ ਠੋਸ ਜਵਾਬ ਨਾ ਮਿਲਿਆ। ਇੱਥੇ ਰਹਿ ਗਈ ਕੁੜੀ ਪੁਨੀਤ ਨੇ ਦੱਸਿਆ ਕਿ ਉਸ ਕੋਲ ਕਰੋਨਾ ਦੀ ਨੈਗੇਟਿਵ ਰੰਗਦਾਰ ਰਿਪੋਰਟ ਨਾ ਹੋਣ ਕਾਰਨ ਉਸ ਨੂੰ ਇੱਥੇ ਛੱਡ ਦਿੱਤਾ ਗਿਆ ਹੈ।
ਕਰਨ ਸਿੰਘ ਨਾਂ ਦੇ ਵਿਅਕਤੀ ਨੇ ਦੋਸ਼ ਲਾਇਆ ਕਿ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦੇ ਬੱਚਿਆਂ ਤੇ ਹੋਰਨਾਂ ਨੂੰ ਧੱਕੇ ਮਾਰ ਕੇ ਹਵਾਈ ਅੱਡੇ ਤੋਂ ਬਾਹਰ ਕੱਢਿਆ ਹੈ ਅਤੇ ਅਪਸ਼ਬਦ ਬੋਲੇ ਹਨ। ਕੁਝ ਵਿਅਕਤੀਆਂ ਨੇ ਦੱਸਿਆ ਕਿ ਦੁਬਈ ਦੇ ਹਵਾਈ ਅੱਡੇ ’ਤੇ ਕਰੋਨਾ ਟੈਸਟ ਵਾਸਤੇ ਉਨ੍ਹਾਂ ਕੋਲੋਂ ਮੁੜ ਪੈਸੇ ਵਸੂਲੇ ਗਏ ਹਨ। ਉਨ੍ਹਾਂ ਹਵਾਈ ਕੰਪਨੀ ਤੇ ਟਿਕਟ ਏਜੰਟ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸੰਸਦ ਮੈਂਬਰ ਔਜਲਾ ਨੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਆਖਿਆ
ਤੜਕੇ ਦਿੱਲੀ ਤੋਂ ਪਰਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਯਾਤਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਗੱਲਬਾਤ ਕੀਤੀ। ਮਗਰੋਂ ਉਨ੍ਹਾਂ ਨੇ ਹਵਾਈ ਅੱਡਾ ਪ੍ਰਬੰਧਕਾਂ, ਹਵਾਈ ਕੰਪਨੀ ਤੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਸਬੰਧਤ ਟਿਕਟ ਏਜੰਟ ਖਿਲਾਫ਼ ਕਾਰਵਾਈ ਕਰਨ ਲਈ ਆਖਿਆ। ਪੁਲੀਸ ਦੇ ਏਸੀਪੀ ਮੋਹਨ ਸਿੰਘ ਨੇ ਦੱਸਿਆ ਕਿ ਹਵਾਈ ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਜਿਹੜੇ ਯਾਤਰੀ ਇੱਥੇ ਰਹਿ ਗਏ ਹਨ, ਉਨ੍ਹਾਂ ਨੂੰ ਇਸੇ ਟਿਕਟ ’ਤੇ ਕੈਨੇਡਾ ਲਿਜਾਇਆ ਜਾਵੇਗਾ।