ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜਨਵਰੀ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਫਾਂਸੀ ਦੀ ਸਜ਼ਾ ਅਧੀਨ ਸੈਂਟਰਲ ਜੇਲ੍ਹ ਪਟਿਆਲਾ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਛਾਤੀ ਵਿਚ ਦਰਦ ਕਾਰਨ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਰਾਜੋਆਣਾ ਨੂੰ ਅੱਜ ਬਾਅਦ ਦੁਪਹਿਰ ਸਾਢੇ ਬਾਰਾਂ ਵਜੇ ਜੇਲ੍ਹ ਵਿੱਚੋਂ ਲਿਆਂਦਾ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।ਰਾਜੋਆਣਾ ਨੇ ਆਖਿਆ ਹੈ ਕਿ ਉਹ 27 ਸਾਲ ਤੋ ਜੇਲ੍ਹ ਵਿੱਚ ਹੈ। ਇਸ ਮੌਕੇ ਦੂਰੋਂ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫ਼ਾਂਸੀ ਸਬੰਧੀ ਫ਼ੈਸਲਾ ਲਟਕਾਉਣ ਦੇ ਕਾਰਨ ਜਾਣਨ ਲਈ ਉਸ ਵੱਲੋਂ ਲਿਖੇ ਪੱਤਰਾਂ ਦਾ ਕਈ ਸਾਲਾਂ ਬਾਅਦ ਵੀ ਕੇਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਕੇਂਦਰ ਸਰਕਾਰ ਕੋਲੋਂ ਆਪਣੀ ਫੌਰੀ ਰਿਹਾਈ ਦੀ ਮੰਗ ਕਰਦਿਆਂ ਆਖਿਆ ਜੇ ਉਸ ਨੂੰ ਹੋਰ ਕਿੰਨੀਆਂ ਕੁ ਬੇਇਨਸਾਫ਼ੀਆਂ ਝੱਲਣੀਆਂ ਪੈਣਗੀਆਂ। ਰਾਜੋਆਣਾ ਦਾ ਇਹ ਬਿਆਨ ਐਨ ਉਸ ਮੌਕੇ ਆਇਆ ਹੈ ਜਦੋਂ ਇਕ ਦਿਨ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਚੋਣ ਰੈਲੀ ਕਰਨ ਆ ਰਹੇ ਹਨ। ਕੇਂਦਰ ਸਰਕਾਰ ਨੇ ਕਰੀਬ ਦੋ ਸਾਲ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ ਕਰਨ ਦਾ ਕਥਿਤ ਫ਼ੈਸਲਾ ਵੀ ਲਿਆ ਗਿਆ ਸੀ ਪਰ ਬਾਅਦ ਵਿੱਚ ਇਹ ਮਾਮਲਾ ਲਟਕ ਗਿਆ। ਇਸ ਤਰ੍ਹਾਂ ਰਾਜੋਆਣਾ ਸਮੇਤ ਗਰਮ ਖਿਆਲੀ ਧਿਰਾਂ ਨਾਲ ਸਬੰਧਤ ਕਈ ਆਗੂਆਂ ਨੂੰ ਕਿਤੇ ਨਾ ਕਿਤੇ ਇਹ ਉਮੀਦ ਵੀ ਹੈ ਕਿ ਜਿਵੇਂ ਕੇਂਦਰ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ‘ਚ ਆ ਕੇ ਜਿਵੇ ਸਿੱਖਾਂ ਪ੍ਰਤੀ ਹਮਦਰਦੀ ਵਿਖਾਈ ਜਾ ਰਹੀ ਹੈ, ਉਸ ਦੇ ਦੌਰਾਨ ਕੱਲ੍ਹ ਦੀ ਪੰਜਾਬ ਫੇਰੀ ਦੌਰਾਨ ਪ੍ਰਧਾਨ ਮੰਤਰੀ ਉਸ ਦੀ ਸਜ਼ਾ ਮੁਆਫੀ ਸਬੰਧੀ ਕੋਈ ਨਾ ਕੋਈ ਫ਼ੈਸਲਾ ਲੈ ਸਕਦੇ ਹਨ।