ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਨਵੰਬਰ
ਕਰੋਨਾ ਮਹਾਮਾਰੀ ਘਟਣ ਮਗਰੋਂ ਨੌਕਰੀਓਂ ਹਟਾਏ ਕਰੋਨਾ ਵਾਲੰਟੀਅਰਾਂ ਨੇ ਪਟਿਆਲਾ ’ਚ ਚੱਲ ਰਹੇ ਪੱਕੇ ਮੋਰਚੇ ਦੇ ਸੱਤਵੇਂ ਦਿਨ ਅੱਜ ਇਥੇ ਮੀਂਹ ਵਿੱਚ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰੇ ਜਾਂ ਫਿਰ ਸਿਹਤ ਵਿਭਾਗ ਵਿਚ ਖਾਲੀ ਆਸਾਮੀਆਂ ’ਤੇ ਭਰਤੀ ਕੀਤੀ ਜਾਵੇ, ਨੌਕਰੀਓਂ ਹਟਾਏ ਕਰੋਨਾ ਵਾਲੰਟੀਅਰਾਂ ਵਿੱਚ ਡਾਕਟਰ, ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ, ਲੈਬ ਤਕਨੀਸ਼ਨ ਆਤੇ ਵਾਰਡ ਅਟੈਡੈਟ ਸ਼ਾਮਲ ਹਨ। ਅੱਜ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਾਜਵਿੰਦਰ ਸਿੰਘ ਤੇ ਜਰਨਲ ਸਕੱਤਰ ਚਮਕੌਰ ਸਿੰਘ ਸਮੇਤ ਅਮਨਦੀਪ ਕੌਰ ਮੋਗਾ, ਗੁਰਪ੍ਰੀਤ ਮੋਗਾ, ਪਰਦੀਪ ਆਨੰਦਪੁਰ, ਗਗਨਦੀਪ ਸੰਗਰੂਰ , ਗੁਰਵੀਰ ਪਟਿਆਲਾ, ਕਮਲਜੀਤ ਸਿੰਘ ਮੋਗਾ, ਰਾਹੁਲ ਪਟਿਆਲਾ, ਸਤਵਿੰਦਰ ਕੌਰ ਮੋਗਾ,ਗੌਰਵ ਫਾਜ਼ਿਲਕਾ ਅਤੇ ਹੋਰ ਵਾਲੰਟੀਅਰ ਵੀ ਮੌਜੂਦ ਸਨ। ਜਨਰਲ ਸਕੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਰੋਨਾ ਵਾਲੰਟੀਅਰ ਜਿਥੇ ਭੀਖ ਮੰਗ ਕੇ ਪੈਸੇ ਇਕੱਠੇ ਕਰ ਚੁੱਕੇ ਹਨ ਉੱਥੇ ਹੀ ਜੁੱਤੀਆਂ ਪਾਲਸ਼ ਕਰਨ ਅਤੇ ਪਾਪੜ ਵੇਚਣ ਸਮੇਤ ਗੋਭੀ ਵੀ ਵੇਚੀ ਜਾ ਚੁੱਕੀ ਹੈ। ਇਸ ਦੌਰਾਨ ਇਕੱਠੇ ਹੋਏ ਪੈਸੇ ਸਰਕਾਰ ਦੇ ਖ਼ਜ਼ਾਨੇ ਵਿੱਚ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤਕ ਉਹ ਇੱਥੇ ਡਟੇ ਰਹਿਣਗੇ।